The Noble Qur'an Encyclopedia
Towards providing reliable exegeses and translations of the meanings of the Noble Qur'an in the world languagesThose who set the ranks [As-Saaffat] - Punjabi translation - Arif Halim
Surah Those who set the ranks [As-Saaffat] Ayah 182 Location Maccah Number 37
ਕਸਮ ਹੈ (ਰੱਬ ਦੇ ਹਜ਼ੂਰ) ਕਤਾਰਾਂ ਬੰਨੀ ਖੜ੍ਹੇ (ਫ਼ਰਿਸ਼ਤਿਆਂ ਦੀ)।
ਕਸਮ ਹੈ (ਕਿਆਮਤ ਦਿਹਾੜੇ ਅਪਰਾਧੀਆਂ ਨੂੰ) ਝਿੜਕੀਆਂ ਦੇਣ ਵਾਲੇ (ਫ਼ਰਿਸ਼ਤਿਆਂ ਦੀ)।
ਫੇਰ ਕਸਮ ਉਹਨਾਂ ਦੀ ਜਿਹੜੇ .ਕੁਰਆਨ ਪੜ੍ਹਦੇ ਹਨ।
ਨਿਰਸੰਦੇਹ, ਤੁਹਾਡਾ ਸਭ ਦਾ ਇਸ਼ਟ ਇੱਕੋ ਇੱਕ (ਅੱਲਾਹ) ਹੈ।
ਉਹੀ ਅਕਾਸ਼ਾਂ ਤੇ ਧਰਤੀ ਦਾ ਅਤੇ ਉਹਨਾਂ ਦੋਵਾਂ ਵਿਚਕਾਰ ਸਾਰੀਆਂ ਚੀਜ਼ਾਂ ਦਾ ਮਾਲਿਕ ਹੈ ਅਤੇ ਸਾਰੀਆਂ ਪੂਰਬੀ ਦਿਸ਼ਾਵਾਂ ਦਾ ਵੀ ਮਾਲਿਕ ਹੈ।
ਅਸੀਂ ਸੰਸਾਰਿਕ ਅਕਾਸ਼ ਨੂੰ ਤਾਰਿਆਂ ਤੇ ਸੋਹੱਪਣ ਨਾਲ ਸਜਾਇਆ ਹੈ।[1]
ਅਤੇ ਹਰੇਕ ਸਰਕਸ਼ ਸ਼ੈਤਾਨ ਤੋਂ ਉਸ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਕੀਤਾ ਹੈ।
ਤਾਂ ਜੋ ਉਹ (ਸ਼ੈਤਾਨ) ਸਰਵਉੱਚ (ਰੱਬੀ) ਦਰਬਾਰ ਦੀਆਂ ਗੱਲਾਂ ਨਾ ਸੁਣ ਸਕਣ, ਸਗੋਂ ਹਰ ਪਾਸਿਓਂ ਉਹਨਾਂ ’ਤੇ ਸ਼ਹਾਬ (ਤਾਰੇ) ਸੁੱਟੇ ਜਾਂਦੇ ਹਨ।
(ਇਹ ਤਾਰੇ) ਉਹਨਾਂ ਨੂੰ ਨਠਾਉਣ ਲਈ ਸੁੱਟੇ ਜਾਂਦੇ ਹਨ ਅਤੇ ਉਹਨਾਂ ਲਈ ਸਦੀਵੀ ਅਜ਼ਾਬ ਹੈ।
ਪਰ ਜੇ ਕੋਈ (ਸ਼ੈਤਾਨ) ਉੱਥਿਓਂ ਇਕ ਅੱਧ ਗੱਲ ਸੁਣ ਕੇ ਨੱਸ ਵੀ ਜਾਵੇ ਤਾਂ ਉਹ ਦਾ ਪਿੱਛਾ ਇਕ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ।
(ਹੇ ਨਬੀ!) ਇਹਨਾਂ (ਕਾਫ਼ਿਰਾਂ) ਤੋਂ ਪੁੱਛੋ, ਕੀ ਉਹਨਾਂ ਨੂੰ ਪੈਦਾ ਕਰਨਾ ਵਧੇਰੇ ਔਖਾ ਹੈ ਜਾਂ ਜੋ ਅਸੀਂ ਪੈਦਾ ਕਰ ਚੁੱਕੇ ਹਾਂ ? ਬੇਸ਼ੱਕ ਅਸੀਂ ਇਹਨਾਂ (ਮਨੁੱਖਾਂ ਨੂੰ) ਇਕ ਲੇਸਦਾਰ ਚੀਕਣੀ ਮਿੱਟੀ ਤੋਂ ਪੈਦਾ ਕੀਤਾ ਹੈ।
(ਹੇ ਨਬੀ!) ਤੁਸੀਂ ਤਾਂ (ਪਰਲੋਕ ਦੇ ਇਨਕਾਰ ਕਰਨ ’ਤੇ) ਰੁਰਾਨ ਹੁੰਦੇ ਹੋ, ਜਦ ਕਿ ਉਹ ਇਸ ਦਾ ਮਖੌਲ ਕਰਦੇ ਹਨ।
ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਵੀ ਨਹੀਂ ਸਮਝਦੇ।
ਅਤੇ ਜਦੋਂ ਕਿਸੇ ਨਿਸ਼ਾਨੀ ਨੂੰ ਵੇਖਦੇ ਹਨ ਤਾਂ ਮਖੌਲ ਕਰਦੇ ਹਨ।
ਅਤੇ ਆਖਦੇ ਹਨ ਕਿ ਇਹ ਤਾਂ ਖੁੱਲ੍ਹਮ-ਖੁੱਲ੍ਹਾ ਇਕ ਜਾਦੂ ਹੈ।
(ਪੁੱਛਦੇ ਹਨ) ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਤੇ ਹੱਡੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ ਜਿਊਂਦੇ ਕੀਤੇ ਜਾਵਾਂਗੇ?
ਕੀ ਸਾਥੋਂ ਪਹਿਲਾਂ ਮਰੇ ਹੋਏ ਪਿਓ ਦਾਦੇ ਵੀ (ਜਿਊਂਦੇ ਕੀਤੇ ਜਾਣਗੇ) ?
ਤੁਸੀਂ (ਹੇ ਨਬੀ!) ਆਖੋ ਕਿ ‘ਹਾਂ’ ਅਤੇ (ਉਸੇ ਵੇਲੇ) ਤੁਸੀਂ (ਲੋਕ) ਜ਼ਲੀਲ ਵੀ ਹੋਵੋਗੇ।
ਉਹ (ਕਿਆਮਤ ਦਿਹਾੜੇ ਓਠਾਣਾ) ਤਾਂ ਇਕ ਝਿੜਕੀ ਵਾਂਗ ਹੈ ਅਤੇ ਅਚਣਚੇਤ ਉਹ (ਜਿਊਂਦੇ ਹੋ ਕੇ) ਵੇਖਣਗੇ।
ਅਤੇ ਆਖਣਗੇ, ਹਾਏ ਸਾਡੇ ਮਾੜੇ ਭਾਗ! ਇਹ ਤਾਂ ਬਦਲਾ ਮਿਲਣ ਵਾਲਾ ਦਿਨ ਹੈ।
(ਉਹਨਾਂ ਨੂੰ ਕਿਹਾ ਜਾਵੇਗਾ ਕਿ) ਇਹ ਫੈਸਲਿਆਂ ਦਾ ਵੇਲਾ ਹੈ, ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।
(ਹੇ ਫ਼ਰਿਸ਼ਤਿਓ!) ਉਹਨਾਂ ਲੋਕਾਂ ਨੂੰ ਇਕੱਠਾ ਕਰੋ ਜਿਨ੍ਹਾਂ ਨੇ ਜ਼ੁਲਮ (ਸ਼ਿਰਕ) ਕੀਤਾ ਸੀ ਫੇਰ ਉਹਨਾਂ ਦੇ ਸਾਥੀਆਂ ਨੂੰ ਅਤੇ ਉਹਨਾਂ (ਇਸ਼ਟ) ਨੂੰ ਵੀ ਇਕੱਠਾ ਕਰੋ, ਜਿਨ੍ਹਾਂ ਦੀ ਉਹ (ਕਾਫ਼ਿਰ) ਪੂਜਾ ਕਰਦੇ ਸਨ।
ਅਤੇ (ਜਿਹੜੇ) ਅੱਲਾਹ ਨੂੰ ਛੱਡ ਹੋਰਾਂ ਦੀ ਪੂਜਾ ਕਰਦੇ ਸਨ, ਉਹਨਾਂ ਸਭ ਨੂੰ ਨਰਕ ਦੀ ਰਾਹ ਵਿਖਾਓ।
ਉਹਨਾਂ (ਜ਼ਾਲਮਾਂ) ਨੂੰ ਰੋਕੋ, ਬੇਸ਼ੱਕ ਉਹਨਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।
(ਕਿਹਾ ਜਾਵੇਗਾ) ਤੁਹਾਨੂ ਕੀ ਹੋ ਗਿਆ ਕਿ ਤੁਸੀਂ ਇਕ ਦੂਜੇ ਦੀ ਸਹਾਇਤਾ ਨਹੀਂ ਕਰ ਰਹੇ ?
ਸਗੋਂ ਅੱਜ ਤਾਂ (ਸਾਰੇ ਹੀ) ਆਗਿਆਕਾਰੀ ਬਣ ਗਏ।
ਉਹ (ਇਨਕਾਰੀ) ਇਕ ਦੂਜੇ ਵੱਲ ਵੇਖਣਗੇ ਅਤੇ ਵਾਦ ਵਿਵਾਦ ਕਰਨਗੇ।
ਪੈਰੋਕਾਰ ਆਖਣਗੇ, ਬੇਸ਼ੱਕ ਤੁਸੀਂ (ਸਾਨੂੰ ਕੁਰਾਹੇ ਪਾਉਣ ਲਈ) ਸਾਡੇ ਕੋਲ ਸੱਜੇ ਪਾਸਿਓਂ ਆਇਆ ਕਰਦੇ ਸੀ।
ਉਹ (ਇਸ਼ਟ) ਆਖਣਗੇ ਕਿ ਨਹੀਂ, ਸਗੋਂ ਤੁਸੀਂ ਆਪ ਹੀ ਈਮਾਨ ਲਿਆਉਣ ਵਾਲੇ ਨਹੀਂ ਸੀ।
ਅਤੇ ਤੁਹਾਡੇ ’ਤੇ ਸਾਡਾ ਕੁੱਝ ਵੀ ਜ਼ੋਰ ਨਹੀਂ ਸੀ, ਤੁਸੀਂ ਤਾਂ ਆਪੇ ਹੀ ਸਰਕਸ਼ ਸੀ।
ਹੁਣ ਤਾਂ ਸਾਡੇ ’ਤੇ ਸਾਡੇ ਰੱਬ ਦਾ ਇਹ ਕਹਿਣਾ ਸੱਚ ਸਿੱਧ ਹੋ ਗਿਆ ਹੈ ਕਿ ਬੇਸ਼ੱਕ ਅਸੀਂ (ਸਾਰੇ ਹੀ ਅਜ਼ਾਬ ਦਾ) ਸੁਆਦ ਚਖਣ ਵਾਲੇ ਹਾਂ।
ਸੋ ਅਸੀਂ ਤੁਹਾਨੂੰ ਰਾਹੋਂ ਭਟਕਾਇਆ ਤੇ ਅਸੀਂ ਆਪ ਵੀ ਭਟਕੇ ਹੋਏ ਸੀ।
ਉਸ ਦਿਨ ਉਹ ਸਾਰੇ ਅਜ਼ਾਬ ਵਿਚ ਭਾਈਵਾਲ ਹੋਣਗੇ।
ਅਸੀਂ ਅਪਰਾਧੀਆਂ ਨਾਲ ਇੰਜ ਹੀ ਕਰਿਆ ਕਰਦੇ ਹਾਂ।
ਇਹ ਉਹ ਲੋਕ ਹਨ ਕਿ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਤਾਂ ਉਹ ਹੰਕਾਰ ਕਰਦੇ ਸਨ।[2]
ਅਤੇ ਕਹਿੰਦੇ ਸਨ, ਕੀ ਅਸੀਂ ਆਪਣੇ ਇਸ਼ਟਾਂ ਨੂੰ ਇਕ ਸੁਦਾਈ ਕਵੀ ਦੇ ਕਹਿਣੇ ’ਤੇ ਛੱਡ ਦਈਏ?
ਜਦ ਕਿ ਉਹ (ਮੁਹੰਮਦ) ਤਾਂ ਹੱਕ (ਸੱਚਾ ਦੀਨ) ਲੈ ਕੇ ਆਇਆ ਹੈ ਅਤੇ ਇਸ ਨੇ ਸਾਰੇ ਰਸੂਲਾਂ ਦੀ ਪੁਸ਼ਟੀ ਕੀਤੀ ਹੈ।
ਬੇਸ਼ੱਕ ਹੁਣ ਤੁਸੀਂ ਦਰਦਨਾਕ ਅਜ਼ਾਬ ਦਾ ਸੁਆਦ ਚਖੋਗੇ।
ਹੁਣ ਤੁਹਾਨੂੰ ਤੁਹਾਡੇ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
ਪ੍ਰੰਤੂ ਅੱਲਾਹ ਦੇ ’ਚੋਂਣਵੇਂ ਬੰਦੇ (ਅਜ਼ਾਬ ਤੋਂ) ਸੁਰੱਖਿਅਤ ਰਹਿਣਗੇ।
ਉਹਨਾਂ ਲਈ ਜਾਣਿਆ-ਪਛਾਣਿਆ ਰਿਜ਼ਕ ਹੈ।
(ਭਾਵ) ਜੰਨਤ ਦੇ ਸੁਆਦਲੇ ਫਲ ਹੋਣਗੇ ਅਤੇ ਉਹ ਜੰਨਤ ਵਾਸੀ ਸਤਿਕਾਰਯੋਗ ਹੋਣਗੇ।
ਨਿਅਮਤਾਂ ਵਾਲੀ ਸਵਰਗ ਵਿਚ ਰੱਖਿਆ ਜਾਵੇਗਾ।
ਇਕ ਦੂਜੇ ਦੇ ਸਾਹਮਣੇ ਤਖ਼ਤਾਂ ’ਤੇ ਬੈਠੇ ਹੋਣਗੇ।
ਉਹਨਾਂ ਲਈ ਵਗਦੇ ਚਸ਼ਮਿਆਂ ਤੋਂ ਪਵਿੱਤਰ ਸ਼ਰਾਬ ਦਾ ਦੌਰ ਚੱਲ ਰਿਹਾ ਹੋਵੇਗਾ।
(ਉਹ ਸ਼ਰਾਬ) ਵੇਖਣ ਵਿਚ ਸਫ਼ੇਦ (ਸਾਫ਼-ਸੁਥਰੀ) ਹੋਵੇਗੀ ਅਤੇ ਪੀਣ ਵਾਲਿਆਂ ਲਈ ਸੁਆਦਲੀ ਹੋਵੇਗੀ।
ਨਾ ਉਸ ਦੇ ਪੀਣ ਨਾਲ ਸਿਰ ਚਕਰਾਵੇਗਾ ਅਤੇ ਨਾ ਹੀ ਮੱਤ ਮਾਰੀ ਜਾਵੇਗੀ।
ਅਤੇ ਉਹਨਾਂ (ਜੰਨਤੀਆਂ) ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਵੱਡੀਆਂ-ਵੱਡੀਆਂ (ਸੋਹਣੀਆਂ) ਅੱਖਾਂ ਵਾਲੀਆਂ (ਹੂਰਾਂ) ਹੋਣਗੀਆਂ।
ਜਿਵੇਂ ਉਹ ਅੱਖਾਂ (ਸ਼ੁਤਰ ਮੁਰਗ਼ ਦੇ) ਆਂਡੇ ਹੋਣ, ਜਿਹੜੇ ਪੜਦਿਆਂ ਵਿਚ ਲੁਕਾਏ ਹੋਏ ਹਨ।
ਉਹ (ਜੰਨਤੀ) ਇਕ ਦੂਜੇ ਵੱਲ ਰੁੱਖ ਕਰਕੇ (ਇਕ ਦੂਜੇ ਦਾ ਹਾਲ) ਪੁੱਛਣਗੇ।
ਉਹਨਾਂ (ਜੰਨਤੀਆਂ) ਵਿੱਚੋਂ ਇਕ ਆਖੇਗਾ ਕਿ (ਸੰਸਾਰ ਵਿਚ) ਮੇਰਾ ਇਕ ਸਾਥੀ ਸੀ।
ਜਿਹੜਾ (ਮੈਨੂੰ) ਕਿਹਾ ਕਰਦਾ ਸੀ ਕਿ ਕੀ ਤੂੰ ਵੀ (ਕਿਆਮਤ ਦੇ ਆਉਣ ਦੀ) ਪੁਸ਼ਟੀ ਕਰਨ ਵਾਲਿਆਂ ਵਿੱਚੋਂ ਹੈ ?
ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਸਾਨੂੰ (ਮੁੜ ਜਿਊਂਦਾ ਕਰਕੇ ਕਰਮਾਂ ਅਨੁਸਾਰ) ਬਦਲਾ ਦਿੱਤਾ ਜਾਵੇਗਾ?
ਉਹ (ਜੰਨਤੀ ਸਾਥੀਆਂ ਨੂੰ) ਆਖੇਗਾ ਕਿ ਜੇ ਤੂੰ (ਉਸ ਇਨਕਾਰੀ ਨੂੰ) ਵੇਖਣਾ ਚਾਹੁੰਦਾ ਹੈ ਤਾਂ (ਨਰਕ ਵਿਚ) ਝਾਤੀ ਮਾਰ ਕੇ ਵੇਖ ਲੇ।
ਜਦੋਂ ਉਹ ਝਾਤੀ ਮਾਰੇਗਾ ਤਾਂ ਉਸ ਨੂੰ ਨਰਕ ਦੇ ਵਿਚਾਲੇ (ਜਲਦਾ ਹੋਇਆ) ਵੇਖੇਗਾ।
ਜੰਨਤੀ ਉਸ ਨੂੰ ਆਖੇਗਾ ਕਿ ਅੱਲਾਹ ਦੀ ਸੁੰਹ, ਤੂੰ ਤਾਂ ਮੈਨੂੰ ਵੀ ਬਰਬਾਦ ਕਰਨਾ ਚਾਹੁੰਦਾ ਸੀ।
ਜੇ ਮੇਰੇ ਰੱਬ ਦੀ ਮੇਰੇ ’ਤੇ ਕ੍ਰਿਪਾ ਨਾ ਹੁੰਦੀ ਤਾਂ ਅੱਜ ਮੈਂ ਵੀ ਨਰਕ ਵਿਚ ਇਹਨਾਂ ਅਪਰਾਧੀਆਂ ਵਾਂਗ ਹਾਜ਼ਰ ਕੀਤਾ ਗਿਆ ਹੁੰਦਾ।
(ਜੰਨਤੀ ਆਖੇਗਾ) ਕੀ ਮੈਂ ਤੈਨੂੰ ਨਹੀਂ ਸੀ ਕਹਿੰਦਾ ਕਿ ਹੁਣ ਅਸੀਂ ਨਹੀਂ ਮਰਾਂਗੇ ?
(ਹਾਂ ਕੋਈ ਮੌਤ ਨਹੀਂ) ਛੁੱਟ ਪਹਿਲੀ (ਸੰਸਾਰਿਕ) ਮੌਤ ਤੋਂ ਅਤੇ ਨਾ ਹੀ ਸਾਨੂੰ (ਪ੍ਰਲੋਕ ਵਿਚ) ਕੋਈ ਅਜ਼ਾਬ ਦਿੱਤਾ ਜਾਵੇਗਾ।
ਨਿਰਸੰਦੇਹ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
ਅਮਲ ਕਰਨ ਵਾਲਿਆਂ ਨੂੰ ਅਜਿਹੀ ਸਫ਼ਲਤਾ ਲਈ ਹੀ ਅਮਲ ਕਰਨੇ ਚਾਹੀਦੇ ਹਨ।
ਕੀ ਇਹ (ਜੰਨਤ ਦੀ) ਮਹਿਮਾਨਦਾਰੀ ਚੰਗੀ ਹੈ ਜਾਂ (ਨਰਕ ਵਿਚ) ਥੋਹਰ ਦਾ ਰੱਖ ?
ਜਿਸ ਨੂੰ ਅਸੀਂ ਜ਼ਾਲਮਾਂ ਲਈ ਪ੍ਰੀਖਿਆ ਬਣਾ ਛੱਡਿਆ ਹੈ।
ਇਹ ਉਹ ਰੁੱਖ ਹੈ ਜਿਹੜਾ ਨਰਕ ਦੇ ਹੇਠ ਤੋਂ ਨਿਕਲਦਾ ਹੈ।
ਉਸ ਦੇ ਫਲ ਸ਼ੈਤਾਨ ਦੇ ਸਿਰਾਂ ਵਾਂਗ ਹਨ।
ਉਹਨਾਂ ਰੁੱਖਾਂ (ਦੇ ਫਲਾਂ) ਵਿੱਚੋਂ ਹੀ (ਨਰਕਧਾਰੀ) ਖਾਣਗੇ ਅਤੇ ਆਪਣੇ ਢਿੱਡ ਭਰਨਗੇ।
ਫੇਰ ਉਹਨਾਂ ਨੂੰ ਖੌਲਦਾ ਹੋਇਆ ਪਾਣੀ ਪੀਣ ਨੂੰ ਮਿਲੇਗਾ।
(ਖਾਣ ਪੀਣ ਮਗਰੋਂ) ਉਹਨਾਂ ਦੀ ਵਾਪਸੀ ਮੁੜ ਭੜਕਦੀ ਅੱਗ ਵੱਲ ਹੋਵੇਗੀ।
ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਪਿਓ ਦਾਦਿਆਂ ਨੂੰ ਕੁਰਾਹੇ ਪਿਆ ਹੋਇਆ ਵੇਖਿਆ।
ਅਤੇ ਉਹਨਾਂ ਦੀ ਹੀ ਪੈਰਵੀ ਕਰਨ ਲਈ ਉਹਨਾਂ ਦੇ ਪਿੱਛੇ ਨੱਠੇ ਚਲੇ ਗਏ।
ਬੇਸ਼ੱਕ ਉਹਨਾਂ ਤੋਂ ਪਹਿਲਾਂ ਵੀ ਵਧੇਰੇ ਲੋਕ ਕੁਰਾਹੇ ਪੈ ਚੁੱਕੇ ਹਨ।
ਅਤੇ ਅਸੀਂ ਉਹਨਾਂ ਵਿਚ (ਨਰਕ ਤੋਂ) ਡਰਾਉਣ ਵਾਲੇ (ਪੈਗ਼ੰਬਰ) ਵੀ ਭੇਜੇ ਸਨ।
ਹੁਣ ਤੂੰ ਵੇਖ, ਜਿਨ੍ਹਾਂ ਨੂੰ ਡਰਇਆ ਗਿਆ ਸੀ (ਪ੍ਰੰਤੂ ਨਾ ਡਰੇ) ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ।
(ਉਸ ਭੈੜੇ ਅੰਤ ਤੋਂ) ਕੋਈ ਨਹੀਂ ਬਚੇਗਾ, ਛੁਟ ਅੱਲਾਹ ਦੇ ਚੁਣਵੇਂ ਤੇ ਖ਼ਾਲਸ ਬੰਦਿਆਂ ਤੋਂ।
ਅਤੇ (ਇਸ ਤੋਂ ਪਹਿਲਾਂ ਆਪਣੀ ਕੌਮ ਤੋਂ ਨਿਰਾਸ਼ ਹੋ ਕੇ) ਸਾਨੂੰ ਨੂਹ ਨੇ ਪੁਕਾਰਿਆ ਸੀ, ਵੇਖੋ ਕਿ ਅਸੀਂ ਕਿੰਨਾ ਸੋਹਣਾ ਉੱਤਰ ਦੇਣ ਵਾਲੇ ਹਾਂ।
ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਵੱਡੀ ਮੁਸੀਬਤ ਤੋਂ ਬਚਾ ਲਿਆ।
ਅਤੇ ਉਸ ਦੀ ਔਲਾਦ ਨੂੰ ਬਾਕੀ ਰਹਿਣ ਵਾਲਾ ਬਣਾਇਆ।
ਮਗਰੋਂ ਆਉਣ ਵਾਲੀਆਂ ਨਸਲਾਂ ਲਈ ਅਸੀਂ ਉਸ ਦੀ ਪ੍ਰਸ਼ੰਸਾ ਤੇ ਚਰਚੇ ਨੂੰ ਬਾਕੀ ਰੱਖਿਆ।
ਸਾਰੇ ਜਹਾਨਾਂ ਵਿਚ ਨੂਹ ’ਤੇ ਸਲਾਮਤੀ ਹੋਵੇ।
ਬੇਸ਼ੱਕ ਨੇਕੀ ਕਰਨ ਵਾਲਿਆਂ ਨੂੰ ਅਸੀਂ ਇਸੇ ਪ੍ਰਕਾਰ (ਚੰਗਾ) ਬਦਲਾ ਦਿੰਦੇ ਹਾਂ।
ਉਹ (ਨੂਹ) ਸਾਡੇ ਈਮਾਨਦਾਰ ਬੰਦਿਆਂ ਵਿੱਚੋਂ ਸੀ।
ਅਸੀਂ ਦੂਜਿਆਂ (ਨੂਹ ਦੇ ਦਸ਼ਮਣਾਂ) ਨੂੰ ਡੋਬ ਦਿੱਤਾ।
ਬੇਸ਼ੱਕ ਇਬਰਾਹੀਮ ਵੀ ਨੂਹ ਦੀ ਟੋਲੀ ਵਿੱਚੋਂ ਸੀ।
ਜਦੋਂ ਉਹ (ਇਬਰਾਹੀਮ) ਆਪਣੇ ਰੱਬ ਦੇ ਹਜ਼ੂਰ ਨਿਰਮਲ ਹਿਰਦਾ ਲੈ ਕੇ ਆਇਆ।
ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਨੂੰ ਕਿਹਾ, ਤੁਸੀਂ ਕਿਸ ਚੀਜ਼ ਦੀ ਪੂਜਾ ਕਰਦੇ ਹੋ?
ਕੀ ਤੁਸੀਂ ਅੱਲਾਹ ਨੂੰ ਛੱਡ ਕੇ (ਆਪਣੇ ਹੱਥੀਂ) ਘੜ੍ਹੇ ਹੋਏ ਇਸ਼ਟ ਚਾਹੁੰਦੇ ਹੋ ?
ਸਾਰੇ ਜਹਾਨਾਂ ਦੇ ਪਾਲਣਹਾਰ ਬਾਰੇ ਤੁਹਾਡਾ ਕੀ ਵਿਚਾਰ ਹੈ ?
ਫੇਰ ਉਸ ਨੇ ਇਕ ਨਜ਼ਰ ਤਾਰਿਆਂ ਵੱਲ ਵੇਖਿਆ (ਭਾਵ ਸੋਚਣ ਲੱਗਾ)।
ਅਤੇ (ਆਪਣੇ ਘਰ ਵਾਲਿਆਂ ਨੂੰ) ਕਿਹਾ ਕਿ ਮੈਂ ਤਾਂ ਬੀਮਾਰ ਹਾਂ।
ਇਸ ਤੋਂ ਉਹ ਉਸ (ਇਬਰਾਹੀਮ) ਨੂੰ ਘਰ ਛੱਡ ਕੇ (ਮੇਲੇ ਵਿਚ) ਚਲੇ ਗਏ।
ਫੇਰ ਉਹ (ਇਬਰਾਹੀਮ) ਉਹਨਾਂ ਦੇ ਇਸ਼ਟਾਂ ਕੋਲ ਗਿਆ ਅਤੇ ਪੁੱਛਣ ਲੱਗਾ, ਤੁਸੀਂ (ਆਪਣੇ ਅੱਗੇ ਪਏ ਭੋਗ ਨੂੰ) ਖਾਂਦੇ ਕਿਉਂ ਨਹੀਂ ?
ਤੁਹਾਨੂੰ ਕੀ ਹੋਇਆ ਕਿ ਤੁਸੀਂ ਬੋਲਦੇ ਵੀ ਨਹੀਂ ?
ਫੇਰ ਤਾਂ ਉਹ (ਇਬਰਾਹੀਮ) ਉਹਨਾਂ ਨੂੰ ਸੱਜੇ ਹੱਥ (ਸ਼ਕਤੀ) ਨਾਲ ਮਾਰ-ਮਾਰ ਕੇ ਤੋੜਣ ਲੱਗ ਪਿਆ।
(ਫੇਰ ਜਦੋਂ ਮੁਸ਼ਰਿਕ ਮੇਲਾ ਵੇਖ ਦੇ ਘਰ ਆਏ ਅਤੇ ਬੁਤਾਂ ਦਾ ਹਾਲ ਵੇਖਿਆ ਤਾਂ) ਉਹ ਲੋਕ ਨੱਸਦੇ ਹੋਏ ਉਸ ਵੱਲ ਆਏ।
ਉਸ (ਇਬਰਾਹੀਮ) ਨੇ ਆਖਿਆ, ਕੀ ਤੁਸੀਂ ਉਹਨਾਂ ਨੂੰ ਪੂਜਦੇ ਹੋ ਜਿਨ੍ਹਾਂ ਨੂੰ ਤੁਸਾਂ ਆਪ ਹੀ ਘੜ੍ਹਿਆ ਹੈ ?
ਜਦ ਕਿ ਤੁਹਾਨੂੰ ਵੀ ਅੱਲਾਹ ਨੇ ਸਾਜਿਆ ਹੈ ਅਤੇ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਉਸ (ਅੱਲਾਹ) ਨੇ ਹੀ ਪੈਦਾ ਕੀਤਾ ਹੈ।
ਉਹ (ਮੁਸ਼ਰਿਕ) ਆਖਣ ਲੱਗੇ ਕਿ ਇਸ (ਇਬਰਾਹੀਮ) ਲਈ ਇਕ ਭੱਠੀ ਬਣਾਓ ਅਤੇ ਉਸ ਵਿਚ ਅੱਗ ਬਾਲੋ ਤੇ ਉਸ ਦਗਦੀ ਹੋਈ ਅੱਗ ਵਿਚ ਉਸ ਨੂੰ ਸੁੱਟ ਦਿਓ।
ਉਹ ਲੋਕ ਤਾਂ ਇਬਰਾਹੀਮ ਦੇ ਵਿਰੁੱਧ ਚਾਲ ਚਲਣਾ ਚਾਹੁੰਦੇ ਸੀ ਪ੍ਰੰਤੂ ਅਸੀਂ (ਅੱਗ ਨੂੰ ਗੁਲਜ਼ਾਰ ਬਣਾ ਕੇ) ਉਹਨਾਂ (ਮੁਸ਼ਰਿਕਾਂ) ਨੂੰ ਹੀ ਹੀਣਾ ਕਰ ਵਿਖਾਇਆ।
ਅਤੇ ਉਸ (ਇਬਰਾਹੀਮ) ਨੇ (ਆਪਣੀ ਕੌਮ ਦਾ ਵਤੀਰਾ ਵੇਖ ਕੇ) ਕਿਹਾ ਕਿ ਮੈਂ ਤਾਂ ਆਪਣੇ ਰੱਬ ਵੱਲ ਜਾਂਦਾ ਹੈ, ਉਹੀਓ ਮੈਂ ਨੂੰ ਰਾਹ ਵਿਖਾਵੇਗਾ।
(ਇਬਰਾਹੀਮ ਨੇ ਦੁਆ ਕੀਤੀ ਕਿ) ਹੇ ਮੇਰੇ ਰੱਬਾ! ਮੈਨੂੰ ਇਕ ਪੁੱਤਰ ਦੀ ਦਾਤ ਬਖ਼ਸ਼, ਜਿਹੜਾ ਨੇਕ ਲੋਕਾਂ ਵਿੱਚੋਂ ਹੋਵੇ।
ਅਸੀਂ ਉਸ ਨੂੰ ਇਕ ਸਹਿਨਸ਼ੀਲ ਪੁੱਤਰ ਦੀ ਖ਼ੁਸ਼ਖ਼ਬਰੀ ਦਿੱਤੀ।
ਜਦੋਂ ਉਹ (ਪੁੱਤਰ) ਆਪਣੀ ਨੱਠਣ ਭੱਜਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ (ਪਿਤਾ) ਨੇ (ਪੁੱਤਰ) ਨੂੰ ਆਖਿਆ ਕਿ ਹੇ ਮੇਰੇ ਪੁੱਤਰ! ਮੈਂਨੇ ਇਕ ਸੁਪਨਾ ਵੇਖਿਆ ਹੈ ਕਿ ਮੈਂ ਤੈਨੂੰ ਜ਼ਿਬਹ (ਅੱਲਾਹ ਦੀ ਰਾਹ ਵਿਚ ਕੁਰਬਾਨ) ਕਰ ਰਿਹਾ ਹਾਂ, ਹੁਣ ਤੂੰ ਦੱਸ ਤੇਰਾ ਕੀ ਵਿਚਾਰ ਹੈ ? ਪੁੱਤਰ ਬੋਲਿਆ ਕਿ ਪਿਤਾ ਜੀ, ਜੋ ਵੀ (ਰੱਬ ਵੱਲੋਂ) ਤੁਹਾਨੂੰ ਹੁਕਮ ਹੋਇਆ ਹੈ ਉਸ ਨੂੰ ਪੂਰਾ ਕਰੋ, ਜੇ ਅੱਲਾਹ ਨੇ ਚਾਹਿਆ ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ’ਚੋਂ ਹੀ ਪਾਉਗੇ।
ਅਖ਼ੀਰ ਜਦੋਂ ਦੋਵਾਂ (ਪਿਓ ਪੁੱਤਰ) ਨੇ (ਰੱਬ ਦੇ) ਹੁਕਮ ਅੱਗੇ ਆਪਣੇ ਸੀਸ ਝੁਕਾ ਦਿੱਤੇ ਅਤੇ ਇਬਰਾਹੀਮ ਨੇ ਉਸ (ਪੁੱਤਰ) ਨੂੰ ਪਾਸੇ ਭਾਰ (ਧਰਤੀ ’ਤੇ) ਪਾ ਦਿੱਤਾ।
ਫੇਰ ਅਸੀਂ (ਅੱਲਾਹ ਨੇ ਉਸ ਦਾ ਇਰਾਦਾ ਵੇਖ ਕੇ) ਆਵਾਜ਼ ਦਿੱਤੀ ਕਿ ਹੇ ਇਬਰਾਹੀਮ!
ਬੇਸ਼ੱਕ ਤੂੰ ਆਪਣਾ ਸੁਪਨਾ ਸੱਚਾ ਕਰ ਕੇ ਵਿਖਾ ਦਿੱਤਾ। ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ।
ਅਸਲ ਵਿਚ ਇਹ ਇਕ ਸਪਸ਼ਟ ਪਰੀਖਿਆ ਸੀ।
ਅਤੇ ਅਸੀਂ ਇਸ (ਇਸਮਾਈਲ) ਦੇ ਬਦਲੇ ਵਿਚ ਇਕ ਵੱਡਾ ਜਾਨਵਰ ਜ਼ਿਬਹ (ਕੁਰਬਾਨੀ) ਕਰਨ ਲਈ ਬਖ਼ਸ਼ ਦਿੱਤਾ।
ਅਤੇ ਇਸ ਦੀ ਸ਼ੁਭ ਚਰਚਾ ਅਸੀਂ ਮਗਰੋਂ ਆਉਣ ਵਾਲਿਆਂ (ਨਸਲਾਂ) ਲਈ ਬਾਕੀ ਰੱਖੀ।
ਇਬਰਾਹੀਮ ’ਤੇ ਸਲਾਮਤੀ ਹੋਵੇ।
ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਵਧੀਆ ਬਦਲਾ ਦਿਆ ਕਰਦੇ ਹਾਂ।
ਬੇਸ਼ੱਕ ਉਹ (ਇਬਰਾਹੀਮ) ਸਾਡੇ ਮੋਮਿਨ ਬੰਦਿਆਂ ਵਿੱਚੋਂ ਸੀ।
ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦੀ ਖ਼ੁਸ਼ਖ਼ਬਰੀ ਦਿੱਤੀ, ਜਿਹੜਾ ਨੇਕ ਲੋਕਾਂ ਵਿੱਚੋਂ ਇਕ ਨਬੀ ਹੋਵੇਗਾ।
ਅਸੀਂ ਉਸ (ਇਬਰਾਹੀਮ) ਅਤੇ ਇਸਹਾਕ ’ਤੇ ਬਰਕਤਾਂ ਨਾਜ਼ਿਲ ਕੀਤੀਆਂ ਅਤੇ ਉਹਨਾਂ ਦੀ ਔਲਾਦ ਵਿੱਚੋਂ ਕੁੱਝ ਤਾਂ ਨੇਕੀ ਕਰਨ ਵਾਲੇ ਹਨ ਅਤੇ ਕੁੱਝ ਆਪਣੇ ਆਪ ਉੱਤੇ ਜ਼ੁਲਮ ਕਰਨ ਵਾਲੇ ਹਨ।
ਬੇਸ਼ੱਕ ਅਸਾਂ ਮੂਸਾ ਤੇ ਹਾਰੂਨ ’ਤੇ ਵੀ ਉਪਕਾਰ ਕੀਤਾ।
ਅਸੀਂ ਉਹਨਾਂ ਦੋਵਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ ਇਕ ਵੱਡੀ ਕਠਿਨਾਈ ਤੋਂ ਮੁਕਤੀ ਦਿੱਤੀ।
ਅਤੇ ਅਸੀਂ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹੀਓ ਭਾਰੂ ਰਹੇ।
ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਨੂੰ ਇਕ ਸਪਸ਼ਟ ਕਿਤਾਬ (ਤੌਰੈਤ) ਦਿੱਤੀ।
ਅਤੇ ਉਹਨਾਂ ਦੋਵਾਂ ਨੂੰ ਸਿੱਧੇ ਰਾਹ ਦੀ ਸਿੱਖਿਆ ਦਿੱਤੀ।
ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਦੀ ਸ਼ੁਭ ਚਰਚਾ ਨੂੰ ਪਿੱਛਿਓਂ ਆਉਣ ਵਾਲਿਆਂ ਲਈ ਬਾਕੀ ਰੱਖਿਆ।
ਮੂਸਾ ਤੇ ਹਾਰੂਨ ਉੱਤੇ ਸਲਾਮ ਹੋਵੇ।
ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਬਦਲਾ ਦਿਆ ਕਰਦੇ ਹਾਂ।
ਨਿਰਸੰਦੇਹ, ਉਹ ਸਾਡੇ ਮੋਮਿਨ ਬੰਦਿਆਂ ਵਿੱਚੋਂ ਸਨ।
ਬੇਸ਼ੱਕ ਇਲਿਆਸ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।
ਜਦੋਂ ਉਸ (ਇਲਿਆਸ) ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?
ਕੀ ਤੁਸੀਂ ਬੋਅਲ (ਨਾਂ ਦੇ ਬੁਤ) ਨੂੰ ਪੁਕਾਰਦੇ ਹੋ ? ਅਤੇ ਸਭ ਤੋਂ ਵਧੀਆ ਰਚਨਾਹਾਰ ਨੂੰ ਛੱਡ ਦਿੰਦੇ ਹੋ।
ਭਾਵ ਅੱਲਾਹ ਨੂੰ ਛੱਡ ਦਿੰਦੇ ਹੋ ਜਿਹੜਾ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ।
ਪਰ ਉਹਨਾਂ (ਕੌਮ) ਨੇ ਉਸ (ਇਲਿਆਸ) ਨੂੰ ਝੁਠਲਾਇਆ, ਹੁਣ ਉਹ ਸਾਰੇ ਜ਼ਰੂਰ ਹੀ (ਸਜ਼ਾ ਲਈ) ਹਾਜ਼ਰ ਕੀਤੇ ਜਾਣਗੇ।
ਰੱਬ ਦੇ ਨੇਕ ਬੰਦਿਆਂ ਤੋਂ ਛੁੱਟ (ਸਜ਼ਾ ਤੋਂ ਕੋਈ ਨਹੀਂ ਬਚ ਸਕੇਗਾ)।
ਅਸੀਂ ਇਲਿਆਸ ਦੀ) ਸ਼ੁਭ ਚਰਚਾ ਮਗਰੋਂ ਆਉਣ ਵਾਲਿਆਂ ਲਈ ਬਾਕੀ ਰੱਖ ਛੱਡੀ ਹੈ।
ਇਲਯਾਸੀਨ (ਇਲਿਆਸ) ’ਤੇ ਸਲਾਮਤੀ ਹੋਵੇ।
ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਬਦਲਾ ਦਿਆ ਕਰਦੇ ਹਾਂ।
ਬੇਸ਼ੱਕ ਉਹ (ਇਲਿਆਸ) ਸਾਡੇ ਮੋਮਿਨ ਬੰਦਿਆਂ ਵਿੱਚੋਂ ਹੀ ਸੀ।
ਨਿਰਸੰਦੇਹ, ਲੂਤ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।
ਅਸੀਂ ਉਸ (ਲੂਤ) ਨੂੰ ਤੇ ਉਸ ਦੇ ਘਰ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲਿਆ।
ਛੁੱਟ ਉਸ ਬੁੱਢੀ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ (ਭਾਵ ਜਿਨ੍ਹਾਂ ਨੂੰ ਅਜ਼ਾਬ ਆਉਣਾ ਸੀ)।
ਫੇਰ ਅਸੀਂ ਬਾਕੀ ਸਾਰਿਆਂ ਨੂੰ ਹਲਾਕ (ਤਬਾਹ) ਕਰ ਦਿੱਤਾ।
ਨਿਰਸੰਦੇਹ, ਤੁਸੀਂ ਸਵੇਰ ਨੂੰ ਉਹਨਾਂ (ਨਾਸ਼ ਕੀਤੀਆਂ ਹੋਈਆਂ) ਬਸਤੀਆਂ ਵਿੱਚੋਂ ਦੀ ਲੰਘਦੇ ਹੋ।
ਅਤੇ ਰਾਤ ਨੂੰ ਵੀ ਲੰਘਦੇ ਹੋ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ?
ਬੇਸ਼ੱਕ ਯੂਨੁਸ ਵੀ ਨਬੀਆਂ ਵਿੱਚੋਂ ਸੀ।
ਜਦੋਂ ਉਹ (ਯੂਨੁਸ ਕੌਮ ਤੋਂ ਨਿਰਾਸ਼ ਹੋ ਕੇ) ਇਕ ਭਰੀ ਹੋਈ ਬੇੜੀ ਵੱਲ ਨੱਸ ਤੁਰਿਆ ਸੀ।
ਜਦੋਂ (ਬੇੜੀ ਦਾ ਬੋਝ ਘਟਾਉਣ ਲਈ ਬੇੜੀ ਵਾਲਿਆਂ ਨੇ) ਪਰਚੀਆਂ ਪਾਈਆਂ ਤਾਂ ਉਹ (ਯੂਨੁਸ) ਫਸ ਗਿਆ (ਭਾਵ ਯੂਨੁਸ ਦੀ ਹੀ ਪਰਚੀ ਨਿੱਕਲੀ)।
(ਜਦੋਂ ਉਸ ਨੇ ਸਮੁੰਦਰ ਵਿਚ ਛਾਲ ਮਾਰੀ) ਤਦ ਹੀ ਮੱਛੀ ਨੇ ਉਸ ਨੂੰ ਨਿਗਲ ਲਿਆ ਜਦ ਕਿ ਉਹ ਆਪਣੀ ਨਿੰਦਾ ਆਪ ਹੀ ਕਰ ਰਿਹਾ ਸੀ।
ਜੇਕਰ ਉਹ ਰੱਬ ਦੀ ਪਾਕੀ ਬਿਆਨ ਕਰਨ ਵਾਲਿਆਂ ਵਿੱਚੋਂ ਨਾ ਹੁੰਦਾ।
ਤਾਂ ਉਹ ਲੋਕਾਂ ਦੇ ਮੁੜ ਜਿਊਂਦਾ ਉਠਾਉਣ ਜਾਣ ਵਾਲੇ ਦਿਨ (ਕਿਆਮਤ) ਤੱਕ ਉਸੇ ਮੱਛੀ ਦੇ ਢਿੱਡ ਵਿਚ ਹੀ ਰਹਿੰਦਾ।
ਫੇਰ ਅਸੀਂ ਉਸ (ਯੂਨੁਸ) ਨੂੰ (ਮੱਛੀ ਦੇ ਢਿੱਡ ਵਿੱਚੋਂ ਕੱਢ ਕੇ) ਇਕ ਰੜੇ ਮੈਦਾਨ ਵਿਚਸੁੱਟ ਦਿੱਤਾ। ਉਸ ਵੇਲੇ ਉਹ ਅਸੁਵਸਥ ਸੀ।
ਅਤੇ ਅਸੀਂ ਉਸ (ਯੂਨੁਸ) ਉੱਤੇ (ਕੱਦੂ ਦਾ) ਇਕ ਵੇਲਦਾਰ ਰੁੱਖ ਉਗਾ ਦਿੱਤਾ।
ਫੇਰ ਅਸੀਂ ਉਸ (ਯੂਨੁਸ) ਨੂੰ ਇਕ ਲੱਖ ਲੋਕਾਂ ਵੱਲ (ਰੱਬੀ ਪੈਗ਼ਾਮ ਦੇ ਕੇ) ਭੇਜਿਆ, ਉਹ ਲੋਕ ਇਸ ਗਿਣਤੀ ਤੋਂ ਕੁੱਝ ਵੱਧ ਹੀ ਹੋਣਗੇ।
ਸੋ ਉਹ ਸਾਰੇ ਈਮਾਨ ਲਿਆਏ ਅਤੇ ਅਸਾਂ ਉਹਨਾਂ ਨੂੰ ਇਕ ਨਿਯਤ ਸਮੇਂ ਤੀਕ (ਸੰਸਾਰ ਦਾ) ਲਾਭ ਉਠਾਉਣ ਦਾ ਅਵਸਰ ਪ੍ਰਦਾਨ ਕੀਤਾ।
ਇਹਨਾਂ (ਮੁਸ਼ਰਿਕਾਂ) ਤੋਂ ਪੁੱਛੋ, ਕੀ ਤੁਹਾਡੇ ਰੱਬ ਲਈ ਧੀਆਂ ਅਤੇ ਉਹਨਾਂ (ਲੋਕਾਂ) ਲਈ ਪੁੱਤਰ ਹਨ ?
ਕੀ ਉਹ ਉਸ ਸਮੇਂ ਹਾਜ਼ਰ ਸਨ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਇਸਤਰੀਆਂ ਬਣਾਇਆ ਸੀ ?
(ਖ਼ਬਰਦਾਰ) ਇਹ ਲੋਕ ਆਪਣੇ ਵੱਲੋਂ ਝੂਠ ਘੜ੍ਹ ਰਹੇ ਹਨ।
ਕਿ ਅੱਲਾਹ ਦੀ ਸੰਤਾਨ ਹੈ। ਬੇਸ਼ੱਕ ਉਹ ਸਾਰੇ ਝੂਠੇ ਹਨ।
ਕੀ ਉਹ (ਅੱਲਾਹ) ਪੁੱਤਰਾਂ ਦੀ ਥਾਂ ਧੀਆਂ ਨੂੰ ਪਸੰਦ ਕਰਦਾ ਹੈ?
ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ?
ਕੀ ਤੁਸੀਂ ਕੁੱਝ ਵੀ ਨਹੀਂ ਸੋਚਦੇ ?
ਜਾਂ ਤੁਹਾਡੇ ਕੋਲ ਕੋਈ ਸਪਸ਼ਟ ਦਲੀਲ ਹੈ ?
ਜਾਂ ਤੁਸੀਂ ਆਪਣੀ ਕਿਤਾਬ ਲੈ ਆਓ, ਜੇ ਤੁਸੀਂ ਸੱਚੇ ਹੋ।
ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਅਤੇ ਜਿੰਨਾਂ ਦੇ ਵਿਚਾਲੇ ਇਕ ਸੰਬੰਧ ਬਣਾ ਛੱਡਿਆ ਹੈ, ਜਦ ਕਿ ਜਿੰਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਉਹ (ਰੱਬ ਅੱਗੇ) ਜ਼ਰੂਰ ਹੀ ਹਾਜ਼ਰ ਕੀਤੇ ਜਾਣਗੇ।
ਅੱਲਾਹ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ (ਮੁਸ਼ਰਿਕ) ਉਸ ਦੇ ਬਾਰੇ ਕਰਦੇ ਹਨ।
ਅੱਲਾਹ ਦੇ ਨੇਕ ਬੰਦੇ (ਅਜਿਹੀਆਂ ਗੱਲਾਂ ਤੋਂ) ਬਚੇ ਹੋਏ ਹਨ।
ਹੇ ਮੁਸ਼ਰਿਕੋ! ਬੇਸ਼ੱਕ ਤੁਸੀਂ ਅਤੇ ਉਹ, ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ।
ਤੁਸੀਂ ਸਾਰੇ ਮਿਲ ਕੇ ਵੀ (ਨੇਕ ਬੰਦਿਆਂ ਨੂੰ) ਅੱਲਾਹ ਦੇ ਵਿਰੁੱਧ ਬਹਕਾ ਨਹੀਂ ਸਕਦੇ।
ਛੁੱਟ ਉਸ ਤੋਂ ਜਿਹੜਾ ਨਰਕ ਵਿਚ ਜਾਣ ਵਾਲਾ ਹੈ।
(ਫ਼ਰਿਸ਼ਤੇ ਆਖਦੇ ਹਨ ਕਿ) ਸਾਡੇ ਵਿੱਚੋਂ ਹਰੇਕ ਦੀ ਜ਼ਿੰਮੇਵਾਰੀ ਨਿਯਤ ਹੈ।
ਅਸੀਂ ਤਾਂ ਅੱਲਾਹ ਦੇ ਹਜ਼ੂਰ ਕਤਾਰ ਬੰਨੀ ਖੜ੍ਹੇ ਰਹਿਣ ਵਾਲੇ ਹਾਂ।
ਬੇਸ਼ੱਕ ਅਸੀਂ ਅੱਲਾਹ ਦੀ ਤਸਬੀਹ (ਸ਼ਲਾਘਾ) ਕਰਨ ਵਾਲੇ ਹਾਂ।
ਅਤੇ ਉਹ (ਇਨਕਾਰੀ) ਲੋਕ ਕਿਹਾ ਕਰਦੇ ਸਨ।
ਕਿ ਜੇ ਸਾਡੇ ਕੋਲ ਸਾਥੋਂ ਪਹਿਲਾਂ ਦੇ ਲੋਕਾਂ (ਦੇ ਅਜ਼ਾਬ) ਦੀ ਚਰਚਾ ਕੀਤੀ ਹੁੰਦੀ।
ਤਾਂ ਅਸੀਂ ਵੀ ਅੱਲਾਹ ਦੇ ’ਚੋਂਣਵੇ ਬੰਦੇ ਹੁੰਦੇ।
ਜਦੋਂ ਪੈਗ਼ੰਬਰ .ਕੁਰਆਨ ਲੈ ਕੇ ਆਇਆ ਤਾਂ ਉਹਨਾਂ ਨੇ ਉਸ (.ਕੁਰਆਨ ਦਾ) ਇਨਕਾਰ ਕਰ ਦਿੱਤਾ। ਉਹ ਛੇਤੀ ਹੀ ਜਾਣ ਲੈਣਗੇ (ਕਿ ਉਹ ਕੀ ਕਰਦੇ ਸਨ?)।
ਅਸਲ ਵਿਚ ਅਸੀਂ ਪਹਿਲਾਂ ਹੀ ਆਪਣੇ ਉਹਨਾਂ ਬੰਦਿਆਂ ਨੂੰ, ਜਿਹੜੇ ਪੈਗ਼ੰਬਰ ਹਨ, ਵਚਨ ਦੇ ਚੁੱਕੇ ਹਾਂ।
ਕਿ ਜ਼ਰੂਰ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।
ਅਤੇ ਬੇਸ਼ੱਕ ਸਾਡੀਆਂ (ਅੱਲਾਹ ਦੀਆਂ) ਫ਼ੌਜਾਂ ਹੀ ਭਾਰੂ ਰਹਿਣਗੀਆਂ।
ਸੋ ਹੇ ਨਬੀ! ਤੁਸੀਂ ਕੁੱਝ ਸਮੇਂ ਲਈ ਉਹਨਾਂ (ਕਾਫ਼ਿਰਾਂ) ਤੋਂ ਮੂੰਹ ਮੋੜ ਲਵੋ (ਭਾਵ ਧਿਆਨ ਨਾ ਦਿਓ)।
ਅਤੇ ਉਹਨਾਂ ਨੂੰ ਵੇਖਦੇ ਰਹੋ (ਕਿ ਉਹਨਾਂ ’ਤੇ ਅਜ਼ਾਬ ਆਉਣ ਵਾਲਾ ਹੈ) ਫੇਰ ਛੇਤੀ ਹੀ ਉਹ ਵੀ ਵੇਖ ਲੈਣਗੇ।
ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਕਰ ਰਹੇ ਹਨ ?
ਪ੍ਰੰਤੂ ਜਦੋਂ ਉਹ (ਅਜ਼ਾਬ) ਉਹਨਾਂ ਦੇ ਵਿਹੜੇ ਉੱਤਰੇਗਾ ਤਾਂ ਡਰਾਏ ਗਏ ਲੋਕਾਂ ਲਈ ਉਹ ਸਵੇਰ ਬਹੁਤ ਹੀ ਭੈੜੀ ਹੋਵੇਗੀ।
(ਹੇ ਨਬੀ!) ਤੁਸੀਂ ਕੁੱਝ ਸਮੇਂ ਲਈ ਇਹਨਾਂ ਦੀ ਚਿੰਤਾ ਛੱਡ ਦਿਓ।
ਕੇਵਲ ਉਹਨਾਂ ਨੂੰ ਵੇਖਦੇ ਰਹੋ ਅਤੇ ਉਹ ਵੀ ਛੇਤੀ ਹੀ ਵੇਖ ਲੈਣਗੇ।
ਤੁਹਾਡਾ ਰੱਬ, ਜਿਹੜਾ ਇੱਜ਼ਤਾਂ ਦਾ ਮਾਲਿਕ ਹੈ, ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ ਮੁਸ਼ਰਿਕ ਬਿਆਨ ਕਰਦੇ ਹਨ।
ਸਮੂਹ ਪੈਗ਼ੰਬਰਾਂ ’ਤੇ ਸਲਾਮ ਹੋਵੇ।
ਅਤੇ ਸਾਰੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ।

