The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Poets [Ash-Shuara] - Punjabi translation - Arif Halim
Surah The Poets [Ash-Shuara] Ayah 227 Location Maccah Number 26
ਤਾ, ਸੀਨ, ਮੀਮ।
ਇਹ ਰੌਸ਼ਨ ਕਿਤਾਬ ਦੀਆਂ ਆਇਤਾਂ ਹਨ।
(ਹੇ ਨਬੀ!) ਸ਼ਾਇਦ ਇਸ ਚਿੰਤਾ ਵਿਚ ਕਿ ਉਹ (ਮੱਕੇ ਦੇ) ਲੋਕ ਈਮਾਨ ਨਹੀਂ ਲਿਆਉਂਦੇ, ਤੁਸੀਂ ਆਪਣੇ ਆਪ ਨੂੰ ਹਲਾਕ ਹੀ ਨਾ ਕਰ ਦਿਓ।
ਜੇ ਅਸੀਂ ਚਾਹੀਏ ਤਾਂ ਅਕਾਸ਼ ਤੋਂ ਕੋਈ ਅਜਿਹੀ ਨਿਸ਼ਾਨੀ ਉਤਾਰ ਸਕਦੇ ਹਾਂ ਜਿਸ ਅੱਗੇ ਉਹਨਾਂ ਦੀਆਂ ਗਰਦਨਾਂ ਨੀਵੀਆਂ ਹੋ ਜਾਣ।
ਜਦੋਂ ਵੀ (ਉਹਨਾਂ ਲੋਕਾਂ ਕੋਲ) ਰਹਿਮਾਨ ਵੱਲੋਂ ਕੋਈ ਨਵੀਂ ਨਸੀਹਤ ਆਉਂਦੀ ਹੈ ਤਾਂ ਉਹ ਉਸ ਤੋਂ ਮੂੰਹ ਮੋੜ ਲੈਂਦੇ ਹਨ।
ਉਹਨਾਂ ਲੋਕਾਂ ਨੇ ਇਸ (.ਕੁਰਆਨ) ਨੂੰ ਝੁਠਲਾਇਆ ਹੈ, ਹੁਣ ਛੇਤੀ ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ (ਕਿ ਉਹ ਕੀ ਹੈ) ਜਿਸ ਦੀ ਇਹ ਖਿੱਲੀ ਉੜਾਉਂਦੇ ਹਨ।
ਕੀ ਉਹਨਾਂ ਨੇ ਧਰਤੀ ਵੱਲ (ਗੌਹ ਨਾਲ) ਨਹੀਂ ਵੇਖਿਆ ਕਿ ਅਸੀਂ ਇਸ ਵਿਚ ਕਿੰਨੀਆਂ ਵਧੀਆ-ਵਧੀਆ ਚੀਜ਼ਾਂ ਉਗਾਈਆਂ ਹਨ।
ਬੇਸ਼ੱਕ ਇਸ ਵਿਚ (ਅੱਲਾਹ ਦੀ) ਨਿਸ਼ਾਨੀ ਹੈ (ਪਰ ਫੇਰ ਵੀ) ਉਹਨਾਂ ਵਿੱਚੋਂ ਬਹੁਤੇ ਲੋਕ ਨਹੀਂ ਮੰਨਦੇ (ਈਮਾਨ ਨਹੀਂ ਲਿਆਉਂਦੇ)।
(ਹੇ ਮੁਹੰਮਦ!) ਬੇਸ਼ੱਕ ਤੇਰਾ ਰੱਬ ਡਾਢਾ ਜ਼ੋਰਾਵਰ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
(ਅਤੇ ਉਸ ਵੇਲੇ ਨੂੰ ਯਾਦ ਕਰੋ) ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਆਵਾਜ਼ ਦਿੱਤੀ ਸੀ ਕਿ ਜ਼ਾਲਮ ਕੌਮ ਵੱਲ ਜਾ।
ਭਾਵ ਫ਼ਿਰਔਨ ਦੀ ਕੌਮ ਕੋਲ (ਜਾ) ਕੀ ਉਹ ਰਬ ਤੋਂ ਡਰਦੇ ਨਹੀਂ ?
ਮੂਸਾ ਨੇ ਕਿਹਾ ਕਿ ਮੇਰੇ ਰੱਬਾ! ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਉਹ ਮੈਨੂੰ ਝੁਠਲਾ ਦੇਣਗੇ।
ਮੇਰਾ ਦਮ ਘੁਟ ਰਿਹਾ ਹੈ ਤੇ ਨਾ ਹੀ ਮੈਥੋਂ ਚੰਗੀ ਤਰ੍ਹਾਂ ਬੋਲਿਆ ਜਾਂਦਾ ਹੈ। ਤੂੰ ਹਾਰੂਨ ਨੂੰ ਹੁਕਮ ਦੇ ਕਿ ਉਹ ਮੇਰੇ ਨਾਲ ਫ਼ਿਰਔਨ ਕੋਲ ਜਾਵੇ।
ਮੇਰੇ ਸਿਰ ਉਹਨਾਂ ਵੱਲੋਂ ਇਕ ਅਪਰਾਧ ਦਾ ਦੋਸ਼ ਵੀ ਹੈ, ਮੈਨੂੰ ਡਰ ਹੈ ਕਿ ਕਿਤੇ ਮੈਨੂੰ ਉਹ ਕਤਲ ਹੀ ਨਾ ਕਰ ਦੇਣ।
ਅੱਲਾਹ ਨੇ ਆਖਿਆ ਕਿ ਉੱਕਾ ਨਹੀਂ (ਘਬਰਾਉਣਾ), ਤੁਸੀਂ ਦੋਵੇਂ (ਮੂਸਾ ਤੇ ਹਾਰੂਨ) ਮੇਰੀਆਂ ਨਿਸ਼ਾਨੀਆਂ ਲੈ ਕੇ ਜਾਓ। ਅਸਾਂ ਤੁਹਾਡੇ ਅੰਗ-ਸੰਗ ਸਭ ਕੁੱਝ ਸੁਣਦੇ ਹਾਂ।
ਸੋ ਤੁਸੀਂ ਫ਼ਿਰਔਨ ਕੋਲ ਜਾਓ ਅਤੇ ਆਖੋ ਕਿ ਅਸੀਂ ਸਾਰੇ ਜਹਾਨਾਂ ਦੇ ਰੱਬ ਦੇ ਰਸੂਲ ਹਾਂ।
(ਅਤੇ ਆਖੋ ਕਿ) ਬਨੀ-ਇਸਰਾਈਲ ਨੂੰ ਸਾਡੇ ਨਾਲ ਜਾਣ (ਲਈ ਅਜ਼ਾਦ ਕਰ) ਦੇ
ਫ਼ਿਰਔਨ ਨੇ (ਮੂਸਾ ਨੂੰ) ਕਿਹਾ ਕੀ ਅਸੀਂ ਤੈਨੂੰ ਨਿੱਕੇ ਹੁੰਦੇ ਆਪਣੇ ਵਿਚਾਲੇ ਪਾਲਿਆ-ਪੋਸਿਆ ਨਹੀਂ ਸੀ? ਅਤੇ ਤੂੰ ਆਪਣੀ ਉਮਰ ਦੇ ਕਈ ਵਰ੍ਹੇ ਸਾਡੇ ਵਿਚ ਨਹੀਂ ਸੀ ਲੰਘਾਏ ?
ਫੇਰ ਤੂੰ ਉਹ ਕੰਮ ਕਰ ਗਿਆ (ਭਾਵ ਇਕ ਬੰਦੇ ਨੂੰ ਕਤਲ ਕੀਤਾ) ਜਿਹੜਾ ਤੂੰ ਕਰਨਾ ਸੀ। ਤੂੰ ਤਾਂ ਇਕ ਨਾ-ਸ਼ੁਕਰਾ ਵਿਅਕਤੀ ਹੈ।
ਮੂਸਾ ਨੇ ਉੱਤਰ ਦਿੱਤਾ ਕਿ ਮੈਥੋਂ ਉਹ (ਕਤਲ) ਉਸ ਸਮੇਂ ਹੋਇਆ ਸੀ, ਜਦੋਂ ਮੈਂ ਰਾਹ ਭੁੱਲੇ ਹੋਏ ਲੋਕਾਂ ਵਿੱਚੋਂ ਸੀ।
ਅਤੇ ਮੈਂ ਤੁਹਾਡੇ ਡਰ ਕਾਰਨ ਤੁਹਾਡੇ ਕੋਲੋਂ ਨੱਸ ਗਿਆ ਸੀ, ਫੇਰ ਮੇਰੇ ਰੱਬ ਨੇ ਮੈਨੂੰ ਆਦੇਸ਼ ਤੇ ਗਿਆਨ ਨਾਲ ਬਖ਼ਸ਼ਿਆ ਅਤੇ ਮੈਨੂੰ ਪੈਗ਼ੰਬਰਾਂ ਵਿਚ ਸ਼ਾਮਲ ਕਰ ਲਿਆ।
ਕੀ ਮੇਰੇ ਉੱਤੇ ਤੇਰਾ ਇਹੋ ਅਹਿਸਾਨ ਹੈ, ਜਿਸ ਨੂੰ ਤੂੰ ਜਤਾ ਰਿਹਾ ਹੈ? (ਜਦ ਕਿ) ਬਨੀ-ਇਸਰਾਈਲ (ਮੇਰੀ ਕੌਮ) ਨੂੰ ਤੂੰ ਗ਼ੁਲਾਮ ਬਣਾ ਛੱਡਿਆ ਹੈ।
ਫ਼ਿਰਔਨ ਨੇ ਕਿਹਾ ਕਿ ਸਾਰੇ ਜਹਾਨਾਂ ਦਾ ਪਾਲਣਹਾਰ ਕੀ (ਚੀਜ਼) ਹੈ?
ਮੂਸਾ ਨੇ ਉੱਤਰ ਵਿਚ ਕਿਹਾ ਕਿ ਉਹ ਅਕਾਸ਼ ਤੇ ਧਰਤੀ ਵਿਚਾਲੇ ਹਰੇਕ ਚੀਜ਼ ਦਾ ਮਾਲਿਕ ਹੈ, ਜੇਕਰ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ ਤਾਂ ਕਰ ਲਓ)।
ਫ਼ਿਰਔਨ ਨੇ ਆਪਣੇ ਆਲੇ-ਦੁਆਲੇ ਬੈਠੇ ਲੋਕਾਂ ਨੂੰ ਕਿਹਾ ਕਿ ਕੀ ਤੁਸੀਂ ਸੁਣ ਰਹੇ ਹੋ (ਮੂਸਾ ਕੀ ਕਹਿ ਰਿਹਾ ਹੈ)?
(ਮੂਸਾ ਨੇ ਹੋਰ) ਕਿਹਾ ਕਿ ਉਹ ਤੇਰਾ ਵੀ ਰੱਬ ਹੈ ਅਤੇ ਤੇਰੇ ਪਿਓ ਦਾਦਿਆਂ ਤੋਂ ਵੀ ਪਹਿਿਲਆਂ ਦਾ ਰੱਬ ਹੈ।
(ਫ਼ਿਰਔਨ ਨੇ) ਦਰਬਾਰੀਆਂ ਨੂੰ ਕਿਹਾ ਕਿ ਇਹ ਪੈਗ਼ੰਬਰ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਇਹ ਤਾਂ ਝੱਲਾ ਲੱਗਦਾ ਹੈ।
(ਮੂਸਾ ਨੇ) ਕਿਹਾ ਕਿ (ਹੇ ਫ਼ਿਰਔਨ!) ਉਹੀਓ ਪੂਰਬ ਤੇ ਪੱਛਮ ਦਾ ਅਤੇ ਉਹਨਾਂ ਵਿਚਾਲੇ ਸਾਰੀਆਂ ਵਸਤੂਆਂ ਦਾ ਮਾਲਿਕ ਹੈ (ਸਮਝੋ) ਜੇ ਤੁਸੀਂ ਅਕਲ ਵਾਲੇ ਹੋ।
ਉਸ (ਫ਼ਿਰਔਨ) ਨੇ (ਮੂਸਾ ਨੂੰ) ਧਮਕਾਉਂਦੇ ਹੋਏ ਕਿਹਾ ਕਿ ਜੇ ਤੂੰ ਮੈਥੋਂ ਛੁੱਟ ਕਿਸੇ ਹੋਰ ਨੂੰ ਇਸ਼ਟ ਬਣਾਇਆ ਤਾਂ ਮੈਂ ਤੈਨੂੰ ਕੈਦੀਆਂ ਵਿਚ ਸ਼ਾਮਲ ਕਰ ਦਿਆਂਗਾ।
(ਮੂਸਾ) ਨੇ ਕਿਹਾ ਕਿ ਜੇ ਮੈਂ ਤੇਰੇ ਸਾਹਮਣੇ (ਆਪਣੇ ਰਸੂਲ ਹੋਣ ਦੀ) ਕੋਈ ਸਪਸ਼ਟ ਨਿਸ਼ਾਨੀ ਲੈ ਆਵਾਂ, ਕੀ ਫੇਰ ਵੀ (ਕੈਦ ਕਰੋਗੇ)?
ਕਿਹਾ (ਫ਼ਿਰਔਨ ਨੇ) ਕਿ ਜੇ ਤੂੰ ਸੱਚਾ ਹੈ ਤਾਂ ਮੈਨੂੰ ਉਸ (ਨਿਸ਼ਾਨੀ) ਨੂੰ ਵਿਖਾ।
ਮੂਸਾ ਨੇ (ਉਸੇ ਵੇਲੇ ਧਰਤੀ ’ਤੇ) ਆਪਣੀ ਲਾਠੀ ਸੁੱਟ ਦਿੱਤੀ ਜਿਹੜੀ ਅਚਣਚੇਤ ਇਕ ਸੱਪ ਦੇ ਰੂਪ ਵਿਚ ਆ ਗਈ।
ਅਤੇ ਜਦੋਂ ਆਪਣਾ ਹੱਥ (ਬਗ਼ਲੋਂ) ਕੱਢਿਆ ਤਾਂ ਦਰਸ਼ਕਾਂ ਨੂੰ ਉਹ ਉਸੇ ਵੇਲੇ ਲਿਸ਼ਕਾਰੇ ਮਾਰਦਾ ਹੋਇਆ ਵਿਖਾਈ ਦੇਣ ਲੱਗ ਪਿਆ।
ਫ਼ਿਰਔਨ ਆਪਣੇ ਆਲੇ-ਦੁਆਲੇ ਬੈਠੇ ਸਰਦਾਰਾਂ ਨੂੰ ਕਹਿਣ ਲੱਗਿਆ ਕਿ ਇਹ ਤਾਂ ਕੋਈ ਬਹੁਤ ਵੱਡਾ ਜਾਦੂਗਰ ਹੈ।
ਉਹ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਤੁਹਾਡੀ ਧਰਤੀ (ਦੇਸ) ’ਚੋਂ ਕੱਢ ਦੇਣਾ ਚਾਹੁੰਦਾ ਹੈ, ਹੁਣ ਦੱਸੋ ਮੈਨੂੰ ਕੀ ਹੁਕਮ ਹੈ?
ਉਹਨਾਂ ਸਭ ਨੇ ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਰੋਕੇ ਰੱਖੋ ਅਤੇ ਸਾਰੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿਓ।
ਜਿਹੜੇ ਤੁਹਾਡੇ ਕੋਲ ਮਾਹਿਰ ਜਾਦੂਗਰਾਂ ਨੂੰ ਲਿਆਉਣ।
ਫੇਰ ਇਕ ਨਿਸ਼ਚਿਤ ਦਿਨ ਸਾਰੇ ਹੀ ਜਾਦੂਗਰ ਇਕੱਠਾ ਕੀਤੇ ਗਏ।
ਅਤੇ ਆਮ ਲੋਕਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਸਾਰੇ ਵੀ ਆਈਓ।
ਤਾਂ ਜੋ ਜੇ ਜਾਦੂਗਰ ਕਾਮਯਾਬ ਹੋ ਜਾਣ ਤਾਂ ਅਸੀਂ ਉਹਨਾਂ ਦੀ ਪੈਰਵੀਂ ਕਰੀਏ।
ਜਾਦੂਗਰਾਂ ਨੇ ਫ਼ਿਰਔਨ ਨੂੰ ਆਖਿਆ ਕਿ ਜੇ ਅਸੀਂ ਜਿੱਤ ਗਏ ਤਾਂ ਸਾਨੂੰ ਇਨਾਮ ਕੀ ਮਿਲੇਗਾ?
ਕਿਹਾ (ਫ਼ਿਰਔਨ ਨੇ) ਹਾਂ! ਅਜਿਹੀ ਹਾਲਤ ਵਿਚ ਤੁਸੀਂ ਮੇਰੇ ਖ਼ਾਸ ਦਰਬਾਰੀਆਂ ਵਿੱਚੋਂ ਹੋਵੋਂਗੇ।
ਉਹਨਾਂ (ਜਾਦੂਗਰਾਂ) ਨੇ ਮੂਸਾ ਨੂੰ ਕਿਹਾ ਕਿ ਕਰੋ ਜੋ ਤੁਸੀਂ ਕਰਨਾ ਹੈ।
ਉਹਨਾਂ (ਜਾਦੂਗਰਾਂ) ਨੇ ਆਪਣੀਆਂ ਰੱਸੀਆਂ ਤੇ ਸੋਟੀਆਂ (ਜਾਦੂ ਲਈ) ਧਰਤੀ ’ਤੇ ਸੁੱਟ ਦਿੱਤੀਆਂ ਅਤੇ ਆਖਣ ਲੱਗੇ ਕਿ ਫ਼ਿਰਔਨ ਦੀ ਇੱਜ਼ਤ ਦੀ ਕਸਮ ਅਸੀਂ ਹੀ ਕਾਮਯਾਬ ਹੋਵਾਂਗੇ।
ਹੁਣ (ਮੂਸਾ ਨੇ ਵੀ ਆਪਣੀ ਸੋਟੀ ਮੈਦਾਨ ਵਿਚ ਸੁੱਟੀ ਜਿਸ ਨੇ ਉਸੇ ਵੇਲੇ ਉਹਨਾਂ (ਜਾਦੂਗਰਾਂ) ਦੇ ਝੂਠੇ ਕਰਤਬਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ।
ਇਹ ਵੇਖਦੇ ਹੀ ਜਾਦੂਗਰ ਬੇਕਾਬੂ ਹੋਕੇ ਸਿਜਦੇ ਵਿਚ ਡਿਗ ਪਏ।
ਅਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਜਿਹੜਾ ਸਾਰੇ ਹੀ ਜਹਾਨਾਂ ਦਾ ਰੱਬ ਹੈ ਉਸ ’ਤੇ ਈਮਾਨ ਲਿਆਏ ਹਾਂ।
ਭਾਵ ਉਹ ਰੱਬ ਜਿਸ ਨੂੰ ਮੂਸਾ ਤੇ ਹਾਰੂਨ ਮੰਨਦੇ ਹਨ।
ਫ਼ਿਰਔਨ ਬੋਲਿਆ ਕਿ ਮੈਥੋਂ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਸ (ਮੂਸਾ ਦੇ ਰੱਬ) ’ਤੇ ਈਮਾਨ ਲਿਆਏ ਲਾਜ਼ਮਨ ਉਹ ਤੁਹਾਡਾ ਗੁਰੂ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਸੋ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ, ਮੈਂ ਤੁਹਾਡੇ ਹੱਥ-ਪੈਰ ਉਲਟੇ ਦਾਓ ਤੋਂ ਵਡਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਚਾੜ੍ਹ ਦੇਵਾਂਗਾ।
ਉਹਨਾਂ (ਜਾਦੂਗਰਾਂ) ਨੇ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣੇ ਪਾਲਣਹਾਰ ਕੋਲ ਹੀ ਜਾਣਾ ਹੈ।
ਕਿਉਂ ਜੋ (ਤੇਰੀ ਕੌਮ ਵਿੱਚੋਂ)ਸਭ ਤੋਂ ਪਹਿਲਾਂ ਅਸੀਂ ਈਮਾਨ ਲਿਆਉਣ ਵਾਲੇ ਹਾਂ, ਸੋ ਸਾਨੂੰ ਆਸ ਹੈ ਕਿ ਸਾਡਾ ਰੱਬ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰੇਗਾ।
ਅਸੀਂ ਮੂਸਾ ਵੱਲ ਵਹੀ ਭੇਜੀ ਕਿ ਰਾਤੋ-ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈਕੇ ਨਿੱਕਲ ਜਾ, ਤੁਹਾਡਾ ਪਿੱਛਾ ਕੀਤਾ ਜਾਵੇਗਾ।
ਫ਼ਿਰਔਨ ਨੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿੱਤੇ।
ਇਹ (ਦੱਸਣ ਲਈ) ਕਿ ਇਹ (ਈਮਾਨ ਲਿਆਉਣ ਵਾਲੇ) ਤਾਂ ਬਹੁਤ ਹੀ ਥੋੜ੍ਹੇ ਲੋਕ ਹਨ।
ਉਹਨਾਂ (ਈਮਾਨ ਲਿਆਉਣ ਵਾਲਿਆਂ) ਨੇ ਸਾਨੂੰ ਡਾਢਾ ਗ਼ੁੱਸਾ ਚਾੜ੍ਹਿਆ ਹੈ।
ਅਸੀਂ ਹੀ ਵੱਡੀ ਗਿਣਤੀ ਵਿਚ ਹਾਂ, ਉਹਨਾਂ ਤੋਂ ਸਾਵਧਾਨ ਰਹਿਣ ਵਾਲੇ ਹਾਂ।
ਅੰਤ ਅਸੀਂ ਉਹਨਾਂ (ਫ਼ਿਰਔਨੀਆਂ) ਨੂੰ ਬਾਗ਼ਾਂ ਤੇ ਚਸ਼ਮਿਆਂ ਵਿੱਚੋਂ ਕੱਢਿਆ।
ਅਤੇ ਖ਼ਜ਼ਾਨਿਆਂ ਤੋਂ ਤੇ ਉਹਨਾਂ ਦੇ ਸੁਹਣੇ ਨਿਵਾਸ-ਸਥਾਨ ’ਚੋਂ (ਵੀ ਕੱਢਿਆ)।
ਇਸ ਪ੍ਰਕਾਰ (ਫ਼ਿਰਔਨ ਨਾਲ) ਹੋਇਆ, (ਦੂਜੇ ਪਾਸੇ) ਅਸਾਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਨੀ-ਇਸਰਾਈਲ ਨੂੰ ਬਣਾ ਦਿੱਤਾ।
(ਫ਼ਿਰਔਨੀਆਂ ਨੇ) ਸੂਰਜ ਨਿਕਲਦੇ ਹੀ ਉਹਨਾਂ ਦਾ ਪਿੱਛਾ ਕੀਤਾ।
ਜਦੋਂ ਦੋਵੇਂ ਧਿਰਾਂ ਨੇ ਇਕ ਦੂਜੇ ਨੂੰ ਵੇਖ ਲਿਆ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਤਾਂ ਫੜੇ ਜਾਵਾਂਗੇ।
ਮੂਸਾ ਨੇ ਕਿਹਾ ਕਿ ਉੱਕਾ ਨਹੀਂ, ਵਿਸ਼ਵਾਸ ਕਰੋ ਕਿ ਮੇਰਾ ਰੱਬ ਮੇਰੇ ਨਾਲ ਹੈ, ਜਿਹੜਾ ਮੈਨੂੰ ਲਾਜ਼ਮੀ (ਬਚਣ ਦੀ) ਰਾਹ ਵਿਖਾਵੇਗਾ।
ਅਸੀਂ ਮੂਸਾ ਵੱਲ ਵਹੀ (ਸੰਦੇਸ਼) ਭੇਜੀ ਕਿ ਸਮੁੰਦਰ ਉੱਤੇ ਆਪਣੀ ਸੋਟੀ ਮਾਰ, ਉਹ ਉਸੇ ਵੇਲੇ ਪਾਟ ਗਿਆ ਅਤੇ ਪਾਣੀ ਦਾ ਹਰੇਕ ਭਾਗ ਇਕ ਪਹਾੜ ਵਾਂਗ ਹੋ ਗਿਆ।
ਅਤੇ ਅਸੀਂ ਦੂਜੇ ਧੜੇ (ਫ਼ਿਰਔਨੀਆਂ) ਨੂੰ (ਸਮੁੰਦਰ ਦੇ) ਨੇੜੇ ਲੈ ਆਏ।
ਅਤੇ ਮੂਸਾ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ।
ਅਤੇ ਦੂਜੇ (ਫ਼ਿਰਔਨੀ) ਸਾਰੇ ਡੋਬ ਦਿੱਤੇ।
ਬੇਸ਼ੱਕ ਇਸ (ਘਟਨਾ) ਵਿਚ ਬਹੁਤ ਵੱਡੀ ਸਿੱਖਿਆ ਹੈ, ਫੇਰ ਵੀ ਬਹੁਤੇ ਲੋਕੀ ਈਮਾਨ ਨਹੀਂ ਲਿਆਉਂਦੇ।
ਬੇਸ਼ੱਕ ਤੁਹਾਡਾ ਪਾਲਣਹਾਰ ਬਹੁਤ ਹੀ ਜ਼ੋਰਾਵਰ ਅਤੇ ਮਿਹਰਬਾਨ ਹੈ।
(ਹੇ ਨਬੀ!) ਉਹਨਾਂ ਨੂੰ ਇਬਰਾਹੀਮ ਦਾ ਕਿੱਸਾ ਵੀ ਸੁਣਾਓ।
ਜਦੋਂ ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਤੋਂ ਪੁੱਛਿਆ ਸੀ ਕਿ ਤੁਸੀਂ ਕੀ ਪੂਜਦੇ ਹੋ?
ਉਹਨਾਂ ਨੇ ਜਵਾਬ ਵਿਚ ਕਿਹਾ ਕਿ ਅਸੀਂ ਬੁਤਾਂ ਨੂੰ ਪੂਜਦੇ ਹਾਂ ਅਤੇ ਉਹਨਾਂ ਦੇ ਹੀ ਪੁਜਾਰੀ ਰਹਾਂਗੇ।
ਇਬਰਾਹੀਮ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ ਤਾਂ ਕੀ ਇਹ ਸੁਣਦੇ ਵੀ ਹਨ?
ਜਾਂ ਤੁਹਾਨੂੰ ਕੋਈ ਨਫ਼ਾ ਜਾਂ ਨੁਕਸਾਨ ਵੀ ਪਹੁੰਚਾ ਸਕਦੇ ਹਨ?
ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਇੰਜ ਹੀ ਕਰਦੇ ਵੇਖਿਆ ਹੈ।
ਇਬਰਾਹੀਮ ਨੇ ਕਿਹਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ, ਕੀ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ?
(ਅਤੇ ਕਿਹਾ ਕਿ) ਤੁਸੀਂ ਅਤੇ ਤੁਹਾਡੇ ਪਿਓ-ਦਾਦਾ ਜਿਨ੍ਹਾਂ ਨੂੰ ਪੂਜਦੇ ਹੋ।
ਛੁੱਟ ਸਾਰੇ ਜਹਾਨਾਂ ਦੇ ਪਾਲਣਹਾਰ ਤੋਂ, ਉਹ (ਸਾਰੇ ਇਸ਼ਟ) ਮੇਰੇ ਵੈਰੀ ਹਨ।
ਜਿਸ ਨੇ ਮੈਨੂੰ ਪੈਦਾ ਕੀਤਾ ਹੈ ਉਹੀਓ ਮੇਰੀ ਅਗਵਾਈ ਕਰਦਾ ਹੈ।
ਉਹੀਓ ਮੈਨੂੰ ਖੁਆਉਂਦਾ-ਪਿਆਉਂਦਾ ਹੈ।
ਜਦੋਂ ਮੈਂ ਬੀਮਾਰ ਹੁੰਦਾ ਹਾਂ ਤਾਂ ਉਹੀਓ ਮੈਨੂੰ ਸਵਸਥ ਕਰਦਾ ਹੈ।
ਉਹੀਓ ਮੈਨੂੰ ਮੌਤ ਦੇਵੇਗਾ ਫੇਰ ਮੈਨੂੰ ਮੁੜ ਜਿਊਂਦੇ ਕਰੇਗਾ।
ਉਹੀਓ ਹੈ ਜਿਸ ਤੋਂ ਮੈਂ ਆਸ ਕਰਦਾ ਹਾਂ ਕਿ ਬਦਲੇ ਵਾਲੇ ਦਿਨ ਮੇਰੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ।
ਹੇ ਮੇਰੇ ਰੱਬਾ! ਮੈਨੂੰ ਹਿਕਮਤ (ਸੂਝ-ਬੂਝ) ਦੀ ਦਾਤ ਬਖ਼ਸ਼ ਅਤੇ ਮੈਨੂੰ ਨੇਕ ਲੋਕਾਂ ਵਿਚ ਸ਼ਾਮਲ ਕਰ ਲੈ।
ਅਤੇ ਮੇਰੀ ਚਰਚਾ ਆਉਣ ਵਾਲੇ ਲੋਕਾਂ ਵਿਚ ਵੀ ਬਾਕੀ ਰਵੇ।
ਮੈਨੂੰ ਨਿਅਮਤਾਂ ਵਾਲੀ ਜੰਨਤਾਂ ਦਾ ਵਾਰਿਸ ਬਣਾ।
ਮੇਰੇ ਪਿਤਾ ਨੂੰ ਬਖ਼ਸ਼ ਦੇ ਉਹ ਗੁਮਰਾਹ ਲੋਕਾਂ ਵਿੱਚੋਂ ਸੀ।
ਜਦੋਂ (ਸਾਰੇ) ਲੋਕੀ ਮੁੜ ਜਿਊਂਦੇ ਕੀਤੇ ਜਾਣਗੇ (ਉਸ ਦਿਨ) ਮੈਨੂੰ ਜ਼ਲੀਲ ਨਾ ਕਰੀਂ।
ਜਿਸ ਦਿਨ ਮਾਲ ਤੇ ਔਲਾਦ ਕਿਸੇ ਕੰਮ ਨਹੀਂ ਆਵੇਗੀ।
ਛੁੱਟ ਉਸ ਤੋਂ ਕਿ ਕੋਈ ਵਿਅਕਤੀ ਨਿਰਮਲ-ਚਿੱਤ ਲੈਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇ।
ਅਤੇ ਜੰਨਤ ਪਰਹੇਜ਼ਗਾਰਾਂ ਦੇ ਨੇੜੇ ਕਰ ਦਿੱਤੀ ਜਾਵੇਗੀ।
ਅਤੇ ਗੁਮਰਾਹ ਲੋਕਾਂ ਲਈ ਨਰਕ ਪ੍ਰਗਟ ਕੀਤੀ ਜਾਵੇਗੀ।
ਅਤੇ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਸੀ ਉਹ ਕਿੱਥੇ ਹਨੱ ?
ਕੀ ਅੱਲਾਹ ਤੋਂ ਛੁੱਟ (ਇਸ਼ਟ) ਤੁਹਾਡੀ ਸਹਾਇਤਾ ਕਰ ਸਕਦੇ ਹਨ? ਜਾਂ ਉਹ (ਤੁਹਾਡੀ ਸਜ਼ਾ) ਦਾ ਬਦਲਾ ਲੈ ਸਕਦੇ ਹਨ?
ਫਿਰ ਉਹ ਸਾਰੇ ਕੁਰਾਹੇ ਪਏ ਲੋਕ ਨਰਕ ਵਿਚ ਮੁੱਧੇ ਮੂੰਹ ਸੁੱਟੇ ਜਾਣਗੇ।
ਅਤੇ ਇਬਲੀਸ (ਸ਼ੈਤਾਨ) ਦੇ ਸਾਰੇ ਦੇ ਸਾਰੇ ਲਸ਼ਕਰ ਵੀ (ਸੁੱਟੇ ਜਾਣਗੇ)।
ਉੱਥੇ ਉਹ ਆਪੋ ਵਿਚ ਲੜਦੇ ਝਗੜਦੇ ਹੋਏ ਆਪਣੇ ਈਸ਼ਟਾਂ ਨੂੰ ਆਖਣਗੇ।
ਕਿ ਅੱਲਾਹ ਦੀ ਸੁੰਹ ਅਸੀਂ ਤਾਂ ਸਪਸ਼ਟ ਕੁਰਾਹੀਏ ਸਾਂ।
ਜਦੋਂ ਅਸੀਂ ਤੁਹਾਨੂੰਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ ਸੀ
ਸਾਨੂੰ ਤਾਂ ਉਹਨਾਂ ਅਪਰਾਧੀਆਂ ਨੇ ਗੁਮਰਾਹ ਕੀਤਾ ਸੀ।
ਹੁਣ ਸਾਡਾ ਕੋਈ ਵੀ ਸਿਫ਼ਾਰਸ਼ੀ ਨਹੀਂ।
ਅਤੇ ਨਾ ਹੀ ਕੋਈ ਸੱਚਾ ਦੋਸਤ ਹੈ।
ਕਾਸ਼ ਕਿ ਸਾਡੀ ਇਕ ਵਾਰ ਫੇਰ ਸੰਸਾਰ ਵਿਚ ਵਾਪਸੀ ਹੋ ਜਾਵੇ ਤਾਂ ਜੋ ਅਸੀਂ ਵੀ ਮੋਮਿਨਾਂ ਵਿੱਚੋਂ ਹੋ ਜਾਈਏ।
ਬੇਸ਼ੱਕ ਇਸ ਵਿਚ ਬਹੁਤ ਹੀ ਵੱਡੀ ਨਿਸ਼ਾਨੀ ਹੈ, ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ।
ਬੇਸ਼ੱਕ ਤੁਹਾਡਾ ਰੱਬ ਹੀ ਜ਼ੋਰਾਵਾਰ ਤੇ ਮਿਹਰਬਾਨ ਹੈ।
ਨੂਹ ਦੀ ਕੌਮ ਨੇ ਵੀ ਨਬੀਆਂ ਦਾ ਇਨਕਾਰ ਕੀਤਾ।
ਜਦੋਂ ਉਹਨਾਂ ਦੇ ਹੀ ਇਕ ਭਰਾ ਨੂਹ ਨੇ ਕਿਹਾ, ਕੀ ਤੁਸੀਂ ਰੱਬ ਤੋਂ ਡਰਦੇ ਨਹੀਂ ?
ਬੇਸ਼ੱਕ ਮੈਂ ਅੱਲਾਹ ਵੱਲੋਂ ਤੁਹਾਡੇ ਲਈ ਇਕ ਅਮਾਨਤਦਾਰ ਰਸੂਲ ਹਾਂ।
ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।
ਮੈਂ ਤੁਹਾਥੋਂ ਇਸ (ਧਰਮ ਪ੍ਰਚਾਰ) ਲਈ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਰੱਬ ਦੇ ਜ਼ਿੰਮੇ ਹੈ।
ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ।
(ਕੌਮ ਨੇ) ਕਿਹਾ ਕਿ ਕੀ ਅਸੀਂ ਤੇਰੇ ’ਤੇ ਈਮਾਨ ਲਿਆਈਏ? ਤੇਰੀ ਤਾਬੇਦਾਰੀ ਤਾਂ ਨੀਚ ਲੋਕ ਹੀ ਕਰਨਗੇ।
ਨੂਹ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਪਹਿਲਾਂ ਇਹ ਲੋਕ ਕੀ ਕਰਦੇ ਰਹੇ ਹਨ ?
ਉਸ ਦਾ ਹਿਸਾਬ ਲੈਣਾ ਮੇਰੇ ਰੱਬ ਜ਼ਿੰਮੇ ਹੈ, ਕਿੰਨਾ ਚੰਗਾ ਹੋਵੇ ਜੇ ਤੁਹਾਨੂੰ ਅਕਲ-ਸਮਝ ਹੋਵੇ।
ਮੈਂ ਈਮਾਨ ਵਾਲਿਆਂ ਨੂੰ ਧੱਕੇ ਨਹੀਂ ਦੇਵਾਂਗਾਂ।
ਮੈਂ ਤਾਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।
ਉਹਨਾਂ ਨੇ ਕਿਹਾ ਕਿ ਹੇ ਨੂਹ! ਜੇ ਤੂੰ ਬਾਜ਼ ਨਾ ਆਇਆ ਤਾਂ ਅਸੀਂ ਤੈਨੂੰ ਪੱਥਰ ਮਾਰ-ਮਾਰ ਕੇ ਮਾਰ ਦਿਆਂਗੇ।
(ਨੂਹ ਨੇ) ਕਿਹਾ ਕਿ ਹੇ ਮੇਰੇ ਰੱਬਾ! ਮੇਰੀ ਕੌਮ ਨੇ ਮੈ` ਮੰਣਨ ਤੋਂ ਨਾ ਕਰ ਦਿੱਤੀ ਹੈ।
ਹੁਣ ਤੂੰ ਮੇਰੇ ਅਤੇ ਉਹਨਾਂ ਵਿਚਕਾਰ ਫ਼ੈਸਲਾ ਕਰਦੇ ਅਤੇ ਮੈਨੂੰ ਅਤੇ ਮੇਰੇ ਈਮਾਨ ਵਾਲੇ ਸਾਥੀਆਂ ਨੂੰ ਬਚਾ ਲੈ।
ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ (ਮੋਮਿਨ) ਸਾਥੀਆਂ ਨੂੂੰ ਭਰੀ ਹੋਈ ਕਿਸਤੀ ਵਿਚ (ਸਵਾਰ ਕਰਕੇ) ਬਚਾ ਲਿਆ।
ਉਸ ਤੋਂ ਮਗਰੋਂ ਬਾਕੀ ਸਾਰੇ ਹੀ ਲੋਕਾਂ ਨੂੰ ਅਸੀਂ ਡੋਬ ਦਿੱਤਾ।
ਬੇਸ਼ੱਕ ਇਸ ਘਟਨਾ ਵਿਚ ਬਹੁਤ ਵੱਡੀ ਸਿੱਖਿਆ ਹੈ ਪਰ ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਨਹੀਂ ਲਿਆਏ।
ਬੇਸ਼ੱਕ ਤੁਹਾਡਾ ਪਾਲਣਹਾਰ ਉਹੀਓ ਹੈ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ।
ਆਦੀਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ ਸੀ।
ਜਦੋਂ ਉਹਨਾਂ ਦੇ ਹੀ ਭਰਾ ਹੂਦ ਨੇ ਕਿਹਾ ਸੀ, ਕੀ ਤੁਸੀਂ (ਰੱਬ ਦੇ ਅਜ਼ਾਬ ਤੋਂ) ਡਰਦੇ ਨਹੀਂ?
ਮੈਂ ਤੁਹਾਡੇ ਲਈ ਅਮਾਨਤਦਾਰ ਪੈਗ਼ੰਬਰ ਹਾਂ।
ਸੋ ਤੁਸੀਂ ਰੱਬ ਤੋਂ ਡਰੋ ਅਤੇ ਮੇਰੇ ਆਖੇ ਲੱਗੋ।
ਮੈਂ ਇਸ (ਅਗਵਾਈ) ਲਈ ਤੁਹਾਥੋਂ ਕੁੱਝ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਜ਼ਿੰਮੇ ਹੈ।
ਕੀ ਤੁਸੀਂ ਹਰੇਕ ਉੱਚੀ ਥਾਂ ’ਤੇ ਵਿਅਰਥ ਖੇਡ ਵਜੋਂ ਯਾਦਗਾਰਾਂ ਬਣਾ ਰਹੇ ਹੋ।
ਤੁਸੀਂ ਮਜ਼ਬੂਤ ਮਹਿਲ ਉਸਾਰਦੇ ਹੋ, ਸ਼ਾਇਦ ਤੁਸੀਂ ਸਦਾ ਇੱਥੇ (ਸੰਸਾਰ ਵਿਚ) ਹੀ ਰਹੋਗੇ।
ਜਦੋਂ ਤੁਸੀਂ ਕਿਸੇ ’ਤੇ ਹੱਥ ਪਾਉਂਦੇ ਹੋ ਤਾਂ ਬਹੁਤ ਹੀ ਸਖ਼ਤੀ ਅਤੇ ਜ਼ੁਲਮ ਨਾਲ ਪਾਉਂਦੇ ਹੋ।
ਅੱਲਾਹ ਤੋਂ ਡਰੋ ਅਤੇ ਮੇਰੀ (ਹੂਦ ਦੀ) ਪੈਰਵੀ ਕਰੋ।
ਤੁਸੀਂ ਉਸ (ਹਸਤੀ) ਤੋਂ ਡਰੋ ਜਿਸ ਨੇ ਤੁਹਾਡੀ ਉਹਨਾਂ ਚੀਜ਼ਾਂ ਦੁਆਰਾ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ।
ਉਸ (ਰੱਬ) ਨੇ ਤੁਹਾਡੀ ਸਹਾਇਤਾ ਮਾਲ ਦੌਲਤ ਤੇ ਔਲਾਦ ਨਾਲ ਕੀਤੀ।
ਬਾਗ਼ਾਂ ਤੇ ਚਸ਼ਮਿਆਂ (ਨਹਿਰਾਂ) ਦੁਆਰਾ ਕੀਤੀ।
ਮੈਂ ਤਾਂ ਤੁਹਾਡੇ ਲਈ ਉਸ ਵੱਡੇ (ਕਿਆਮਤ) ਦਿਹਾੜੇ ਤੋਂ ਡਰਦਾ ਹਾਂ।
ਉਹਨਾਂ (ਕੌਮ) ਨੇ ਕਿਹਾ ਕਿ ਹੇ ਹੂਦ! ਤੂੰ ਸਾਨੂੰ ਸਮਝਾ ਜਾਂ ਨਾ ਸਮਝਾ, ਸਾਡੇ ਲਈ ਇੱਕੋ ਗੱਲ ਹੈ।
ਇਹ ਤਾਂ ਪਹਿਲੇ ਸਮੇਂ ਦੇ ਲੋਕਾਂ ਦੀਆਂ ਗੱਲਾਂ ਹਨ।
ਸਾਨੂੰ ਕਦੇ ਕੋਈ ਅਜ਼ਾਬ ਨਹੀਂ ਦਿੱਤਾ ਜਾਵੇਗਾ।
ਉਹਨਾਂ ਨੇ ਉਸ (ਹੂਦ) ਨੂੰ (ਰੱਬ ਦਾ ਰਸੂਲ ਮੰਣਨ ਤੋਂ) ਇਨਕਾਰ ਕਰ ਦਿੱਤਾ ਸੀ। ਸੋ ਅਸੀਂ ਉਹਨਾਂ ਨੂੰ ਤਬਾਹ ਕਰ ਦਿੱਤਾ। ਬੇਸ਼ੱਕ ਇਸ ਵਿਚ (ਸਮਝਣ ਵਾਲਿਆਂ ਲਈ) ਨਿਸ਼ਾਨੀਆਂ ਹਨ, ਪਰ ਉਹਨਾਂ ਵਿੱਚੋਂ ਵਧੇਰੇ ਉਹ ਹਨ ਜਿਹੜੇ ਈਮਾਨ ਨਹੀਂ ਲਿਆਉਂਦੇ
ਬੇਸ਼ੱਕ ਤੁਹਾਡਾ ਰੱਬ ਉਹੀਓ ਹੈ ਜਿਹੜਾ ਜ਼ੋਰਾਵਰ ਤੇ ਮਿਹਰਬਾਨ ਹੈ।
ਸਮੂਦੀਆਂ ਨੇ ਵੀ ਪੈਗ਼ੰਬਰਾਂ ਨੂੰ ਮੰਣਨ ਤੋਂ ਇਨਕਾਰ ਕਰ ਦਿੱਤਾ।
ਉਹਨਾਂ (ਸਮੂਦੀਆਂ) ਦੇ ਭਰਾ ਸਾਲੇਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਕਿਉਂ ਨਹੀਂ ਡਰਦੇ?
ਮੈਂ ਤੁਹਾਡੇ ਵੱਲ ਅੱਲਾਹ ਦਾ ਇਕ ਅਮਾਨਤਦਾਰ ਪੈਗ਼ੰਬਰ ਹਾਂ।
ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਆਖੇ ਲੱਗੋ।
ਮੈਂ ਇਸ ਦੇ ਲਈ ਤੁਹਾਥੋਂ ਕੋਈ ਉਜਰਤ ਨਹੀਂ ਭਾਲਦਾ, ਮੇਰੀ ਉਜਰਤ (ਬਦਲਾ) ਤਾਂ ਮੇਰੇ ਪਾਲਣਹਾਰ ਦੇ ਜ਼ਿੰਮੇ ਹੈ।
ਕੀ ਉਹਨਾਂ ਚੀਜ਼ਾਂ ਨਾਲ ਤੁਹਾਨੂੰ ਅਮਨ ਸ਼ਾਂਤੀ ਨਾਲ ਨਿਸ਼ਚਿੰਤ ਹੋਕੇ (ਸੰਸਾਰ ਵਿਚ) ਰਹਿਣ ਲਈ ਛੱਡ ਦਿੱਤਾ ਜਾਵੇਗਾ?
ਭਾਵ ਇਹਨਾਂ ਬਾਗ਼ਾਂ ਤੇ ਚਸ਼ਮਿਆਂ ਵਿਚ (ਨਹਿਰਾਂ ਆਦਿ)।
ਇਹ ਖੇਤ ਅਤੇ ਖਜੂਰ ਦੇ ਬਾਗ਼ਾਂ ਵਿਚ ਜਿਨ੍ਹਾਂ ਦੇ ਗੁੱਛੇ ਰਸ ਭਰੇ ਹਨ।
ਤੁਸੀਂ ਪਹਾੜਾਂ ਨੂੰ ਕੱਟ-ਕੱਟ ਕੇ ਵੱਡੇ ਮਾਣ ਨਾਲ ਉਹਨਾਂ ਵਿਚ ਭਵਨ ਉਸਾਰਦੇ ਹੋ।
ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।
ਤੁਸੀਂ ਰੱਬ ਵੱਲੋਂ ਨਿਯਤ ਕੀਤੀਆਂ ਹੱਦਾਂ ਨੂੰ ਟੱਪਣ ਵਾਲਿਆਂ ਦੇ ਆਖੇ ਨਾ ਲੱਗੋ
ਉਹ (ਬਾਗ਼ੀ) ਹਨ, ਜਿਹੜੇ ਧਰਤੀ ’ਤੇ ਫ਼ਸਾਦ ਫੈਲਾਉਂਦੇ ਹਨ, ਸੁਧਾਰ ਨਹੀਂ ਕਰਦੇ।
ਉਹਨਾਂ ਨੇ ਕਿਹਾ ਕਿ (ਹੇ ਸਾਲੇਹ!) ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕੀਤਾ ਗਿਆ ਹੈ।
ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਜੇ ਤੂੰ ਸੱਚਾ ਹੈ ਤਾਂ ਕੋਈ ਮੋਅਜਜ਼ਾ (ਰੱਬੀ ਚਮਤਕਾਰ) ਲਿਆ?
ਸਾਲੇਹ ਨੇ ਕਿਹਾ ਕਿ ਇਹ ਊਠਣੀ (ਨਿਸ਼ਾਨੀ) ਹੈ। ਇਕ ਨਿਸ਼ਚਿਤ ਦਿਨ ਪਾਣੀ ਪੀਣ ਦੀ ਵਾਰੀ ਇਸ ਦੀ ਹੈ ਅਤੇ ਇਕ ਦਿਨ ਤੁਹਾਡੀ ਹੈ।
ਇਸ ਨੂੰ ਭੈੜੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਇਕ ਵੱਡੇ ਦਿਹਾੜੇ ਦਾ ਅਜ਼ਾਬ ਤੁਹਾਨੂੰ ਆ ਨੱਪੇਗਾ।
(ਇਸ ਚਿਤਾਵਨੀ ਤੋਂ ਬਾਅਦ ਵੀ) ਉਹਨਾਂ (ਸਮੂਦੀਆਂ) ਨੇ ਉਸ (ਊਠਣੀ) ਦੀਆਂ ਖੁੱਚਾਂ ਵੱਡ ਸੁੱਟੀਆਂ। ਫੇਰ ਉਹ ਪਛਤਾਉਣ ਲੱਗੇ।
ਅਤੇ ਉਹਨਾਂ ਨੂੰ ਅਜ਼ਾਬ ਨੇ ਆ ਝੱਫਿਆ, ਬੇਸ਼ੱਕ ਇਸ (ਘਟਣਾ) ਵਿਚ ਇਕ ਸਿੱਖਿਆ ਹੈ। ਉਹਨਾਂ ਵਿੱਚੋਂ ਵਧੇਰੇ ਈਮਾਨ ਲਿਆਉਣ ਵਾਲੇ ਨਹੀਂ ਸਾਂ।
ਬੇਸ਼ੱਕ ਤੁਹਾਡਾ ਰੱਬ ਉਹ ਹੈ ਜਿਹੜਾ ਡਾਢਾ ਜ਼ੋਰਾਵਰ ਤੇ ਰਹਿਮ ਫ਼ਰਮਾਉਣ ਵਾਲਾ ਹੈ।
ਲੂਤ ਦੀ ਕੌਮ ਨੇ ਨਬੀਆਂ ਨੂੰ ਝੁਠਲਾਇਆ।
ਜਦੋਂ ਉਹਨਾਂ ਨੂੰ ਉਹਨਾਂ ਦੇ ਭਰਾ ਲੂਤ ਨੇ ਆਖਿਆ, ਕੀ ਤੁਸੀਂ ਅੱਲਾਹ ਤੋਂ ਨਹੀਂ ਡਰਦੇ?
ਮੈਂ ਤੁਹਾਡੇ ਵੱਲ ਇਕ ਅਮਾਨਤਦਾਰ ਰਸੂਲ (ਬਣਕੇ ਆਇਆ) ਹਾਂ।
ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਕਹਿਣਾ ਮੰਨੋ।
ਮੈਂ (ਇਸ ਨਸੀਹਤ ਲਈ) ਤੁਹਾਥੋਂ ਕੋਈ ਬਦਲਾ (ਉਜਰਤ) ਨਹੀਂ ਮੰਗਦਾ ਮੇਰਾ ਬਦਲਾ ਤਾਂ ਅੱਲਾਹ ਦੇ ਜ਼ਿੰਮੇ ਹੈ।
ਕੀ ਤੁਸੀਂ (ਕਾਮ ਵਾਸਨਾ ਦੇ ਲਈ) ਦੁਨੀਆਂ ਵਿੱਚੋਂ ਪੁਰਸ਼ਾ ਕੋਲ ਜਾਂਦੇ ਹੋ?
ਅਤੇ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹੋ ਜਿਨ੍ਹਾਂ ਨੂੰ ਅੱਲਾਹ ਨੇ ਤੁਹਾਡੇ ਲਈ ਪੈਦਾ ਕੀਤਾ ਹੈ। ਤੁਸੀਂ ਤਾਂ ਹੱਦਾਂ ਟੱਪਣ ਵਾਲੇ ਹੋ।
ਉਹਨਾਂ ਨੇ ਉੱਤਰ ਵਿਚ ਕਿਹਾ ਕਿ ਹੇ ਲੂਤ! ਜੇ ਤੂੰ ਬਾਜ਼ ਨਾ ਆਇਆ ਤਾਂ ਤੂੰ (ਬਸਤੀ ਵਿੱਚੋਂ) ਬਾਹਰ ਕੱਢ ਦਿੱਤਾ ਜਾਵੇਗਾ।
ਲੂਤ ਨੇ ਆਖਿਆ, ਬੇਸ਼ੱਕ ਮੈਂ ਤੁਹਾਡੀਆਂ (ਅਸ਼ਲੀਲ) ਹਰਕਤਾਂ ਦਾ ਕੱਟੜ ਵਿਰੋਧੀ ਹਾਂ।
ਲੂਤ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਤੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਹਨਾਂ ਭੈੜੇ ਕਰਮਾਂ ਤੋਂ ਛੁਟਕਾਰਾ ਦੇ।
ਅਤੇ ਇੰਜ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ।
ਛੁੱਟ ਉਸ ਬੁੱਢੀ ਔਰਤ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ।
ਫਿਰ ਅਸੀਂ ਬਾਕੀ ਰਹਿੰਦੇ ਲੋਕਾਂ ਨੂੰ ਹਲਾਕ (ਬਰਬਾਦ) ਕਰ ਦਿੱਤਾ।
ਅਸੀਂ ਉਹਨਾਂ ਉੱਤੇ (ਪੱਥਰਾਂ ਦਾ) ਮੀਂਹ ਬਰਸਾਇਆ। ਉਹ ਬਹੁਤ ਹੀ ਭੈੜਾ ਮੀਂਹ ਸੀ, ਜਿਹੜੇ ਡਰਾਏ ਹੋਏ ਲੋਕਾਂ ’ਤੇ ਬਰਸਿਆ ਸੀ।
ਬੇਸ਼ੱਕ ਇਸ ਘਟਣਾ ਵਿਚ ਵੀ ਇਕ (ਸਿੱਖਿਆਦਾਇਕ) ਨਿਸ਼ਾਨੀ ਹੈ। ਉਹਨਾਂ ਵਿੱਚੋਂ ਵੀ ਵਧੇਰੇ ਲੋਕ ਈਮਾਨ ਨਹੀਂ ਲਿਆਏ ਸਾਂ।
ਬੇਸ਼ੱਕ ਤੇਰਾ ਰੱਬ ਹੀ (ਹਰ ਪੱਖੋ) ਭਾਰੂ ਹੈ ਅਤੇ ਮਿਹਰਬਾਨ ਹੈ।
‘ਐਕੇ’ ਵਾਲਿਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ।
ਜਦੋਂ ਉਹਨਾਂ ਨੂੰ ਸ਼ੁਐਬ ਨੇ ਕਿਹਾ, ਕੀ ਤੁਸੀਂ (ਰੱਬ ਤੋਂ) ਨਹੀਂ ਡਰਦੇ ?
ਮੈਂ ਤੁਹਾਡੇ ਲਈ (ਰੱਬ ਵੱਲੋਂ) ਭੇਜਿਆ ਹੋਇਆ ਇਕ ਅਮਾਨਤਦਾਰ ਰਸੂਲ ਹਾਂ।
ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ।
(ਇਹ ਸਿੱਖਿਆ ਦੇਣ ਲਈ) ਮੈਂ ਤੁਹਾਥੋਂ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਕੋਲ ਹੀ ਹੈ।
ਮਿਣਤੀ ਪੂਰੀ ਭਰ ਕੇ ਦਿਓ ਅਤੇ ਦੂਜਿਆਂ ਦਾ ਨੁਕਸਾਨ ਕਰਨ ਵਾਲੇ ਨਾ ਬਣੋ।
ਅਤੇ ਸਿੱਧੀ ਤੱਕੜੀ ਨਾਲ ਤੋਲੋ (ਭਾਵ ਡੰਡੀ ਨਾ ਮਾਰੋ)।
ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਨਾ ਦਿਓ ਅਤੇ ਧਰਤੀ ’ਤੇ ਫ਼ਸਾਦ ਨਾ ਮਚਾਉਂਦੇ ਫਿਰੋ।
ਉਸ ਰੱਬ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਥੋਂ ਪਹਿਲੀ ਮਖ਼ਲੂਕ ਨੂੰ ਪੈਦਾ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕਰ ਦਿੱਤਾ ਜਾਂਦਾ ਹੈ।
ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਅਸੀਂ ਤਾਂ ਤੈਨੂੰ ਝੂਠ ਬੋਲਣ ਵਾਲਿਆਂ ਵਿੱਚੋਂ ਹੀ ਸਮਝਦੇ ਹਾਂ।
ਜੇ ਤੂੰ ਸੱਚਾ ਹੈ ਤਾਂ ਸਾਡੇ ਉੱਤੇ ਅਕਾਸ਼ ਦਾ ਕੋਈ ਟੁਕੜਾ ਡੇਗ ਦੇ।
ਸ਼ੁਐਬ ਨੇ ਕਿਹਾ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ।
ਸੋ ਜਦੋਂ ਉਹਨਾਂ ਨੇ ਉਹ (ਸ਼ੁਐਬ) ਨੂੰ ਝੁਠਲਾਇਆ (ਛੇਤੀ ਹੀ) ਉਹਨਾਂ ਨੂੰ (ਬੱਦਲਾਂ ਦੇ) ਪਰਛਾਵੇਂ ਵਾਲੇ ਦਿਹਾੜੇ ਦੇ ਅਜ਼ਾਬ ਨੇ ਆ ਨੱਪਿਆ, ਉਹ ਬਹੁਤ ਹੀ ਭਾਰੀ ਦਿਨ ਦਾ ਅਜ਼ਾਬ ਸੀ।
ਇਸ ਘਟਨਾ ਵਿਚ ਵੱਡੀਆਂ ਨਿਸ਼ਾਨੀਆਂ ਹਨ, ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ ਸਨ।
ਬੇਸ਼ੱਕ ਤੁਹਾਡਾ ਪਾਲਣਹਾਰ ਹੀ ਭਾਰੂ ਤੇ ਮਿਹਰਬਾਨੀਆਂ ਵਾਲਾ ਹੈ।
ਅਤੇ ਨਿਰਸੰਦੇਹ, ਇਹ (.ਕੁਰਆਨ) ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ।
ਇਸ ਨੂੰ ਇਕ ਅਮਾਨਤਦਾਰ ਰੂਹ (ਜਿਬਰਾਈਲ) ਲੈ ਕੇ ਆਇਆ ਹੈ।
(ਹੇ ਮੁਹੰਮਦ!) ਅਸੀਂ ਇਸ (.ਕੁਰਆਨ)ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ (ਪੈਗ਼ੰਬਰਾਂ) ਵਿੱਚੋਂ ਹੋ ਜਾਓ।
ਇਹ .ਕੁਰਆਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿਚ ਹੈ।
ਬੇਸ਼ੱਕ ਇਸ਼ਕੁਰਆਨ ਦੀ ਚਰਚਾ ਪਹਿਲੀਆਂ ਅਸਮਾਨੀ ਕਿਤਾਬਾਂ ਵਿਚ ਵੀ ਕੀਤੀ ਗਈ ਹੈ।
ਕੀ ਉਹਨਾਂ (ਕਾਫ਼ਿਰਾਂ) ਲਈ ਇਹੋ ਨਿਸ਼ਾਨੀ ਕਾਫ਼ੀ ਨਹੀਂ ਕਿ .ਕੁਰਆਨ ਦੇ ਹੱਕ ਹੋਣ ਨੂੰ ਤਾਂ ਬਨੀ-ਇਸਰਾਈਲ ਦੇ ਵਿਦਵਾਨ ਵੀ ਜਾਣਦੇ ਹਨ। [1]
ਜੇਕਰ ਅਸੀਂ ਇਸ .ਕੁਰਆਨ ਨੂੰ ਕਿਸੇ ਅਜਮੀ (ਗੈਰ ਅਰਬੀ ਵਿਅਕਤੀ) ਉੱਤੇ ਨਾਜ਼ਿਲ ਕਰ ਦਿੰਦੇ।
ਅਤੇ ਉਹ ਉਹਨਾਂ (ਅਰਬੀ ਲੋਕਾਂ) ਦੇ ਸਾਹਮਣੇ ਇਸ (.ਕੁਰਆਨ) ਨੂੰ ਪੜ੍ਹਦਾ ਤਾਂ ਉਹ ਵੀ ਈਮਾਨ ਨਾ ਲਿਆਉਂਦੇ।
ਇਸ ਤਰ੍ਹਾਂ ਅਸਾਂ ਗੁਨਾਹਗਾਰਾਂ ਦੇ ਦਿਲਾਂ ਵਿਚ ਇਸ (.ਕੁਰਆਨ) ਨੂੰ ਝੁਠਲਾਉਣਾ ਪੱਕਾ ਕਰ ਦਿੱਤਾ ਹੈ।
ਉਹ ਜਦੋਂ ਤਕ ਦਰਦ ਭਰੇ ਅਜ਼ਾਬ ਨਹੀਂ ਵੇਖ ਲੈਂਦੇ, ਈਮਾਨ ਨਹੀਂ ਲਿਆਉਣਗੇ।
ਸੋ ਉਹ ਅਜ਼ਾਬ ਉਹਨਾਂ ਉੱਤੇ ਅਚਣਚੇਤ ਆਵੇਗਾ ਅਤੇ ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ।
ਫੇਰ ਉਹ ਆਖਣਗੇ, ਕੀ ਸਾਨੂੰ ਕੁੱਝ ਸਮੇਂ ਲਈ ਮੋਹਲਤ ਮਿਲ ਸਕਦੀ ਹੈ? (ਤਾਂ ਜੋ ਅਸੀਂ ਈਮਾਨ ਲਿਆਈਏ)
ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਪਾ ਰਹੇ ਹਨ ?
ਰਤਾ ਤੁਸੀਂ ਵੇਖੋ! ਜੇ ਭਲਾਂ ਅਸੀਂ ਉਹਨਾਂ (ਅਪਰਾਧੀਆਂ) ਨੂੰ ਹੋਰ ਕਈ ਵਰ੍ਹੇ ਸੰਸਾਰ ਦਾ ਲਾਭ ਲੈਣ (ਲਈ ਮੋਹਲਤ) ਦੇ ਦਿੰਦੇ।
ਫਿਰ ਉਹਨਾਂ (ਕਾਫ਼ਿਰਾਂ) ਉੱਤੇ ਉਹ ਅਜ਼ਾਬ ਆ ਜਾਂਦਾ ਜਿਸ ਤੋਂ ਡਰਾਏ ਜਾ ਰਹੇ ਹਨ।
ਤਾਂ ਵੀ ਜਿਸ ਜੀਵਨ ਸਮੱਗਰੀ ਦਾ ਉਹ ਆਨੰਦ ਲੈ ਰਹੇ ਹਨ ਉਹ ਉਹਨਾਂ ਦੇ ਕਿਸੇ ਕੰਮ ਨਾ ਆਉਂਦੀ।
ਅਸੀਂ ਜਿਹੜੀ ਵੀ ਬਸਤੀ ਨੂੰ ਹਲਾਕ ਕੀਤਾ ਹੈ ਤਾਂ (ਪਹਿਲਾਂ) ਉਸ ਵਿਚ ਡਰਾਉਣ ਵਾਲੇ ਭੇਜੇ।
ਲੋਕਾਂ ਨੂੰ ਸਮਝਾਉਣ ਲਈ (ਡਰਾਉਣ ਵਾਲੇ ਭੇਜੇ)। ਅਸੀਂ ਕਿਸੇ ’ਤੇ ਕੋਈ ਜ਼ੁਲਮ (ਵਧੀਕੀ) ਕਰਨ ਵਾਲੇ ਨਹੀਂ।
ਇਸ .ਕੁਰਆਨ ਨੂੰ ਸ਼ੈਤਾਨ ਲੈਕੇ ਨਹੀਂ ਉੱਤਰੇ।
ਨਾ ਹੀ ਉਹ ਇਸ ਯੋਗ ਹਨ ਤੇ ਨਾ ਹੀ ਉਹ ਸਮਰਥਾ ਰੱਖਦੇ ਹਨ।
ਉਹ ਤਾਂ ਇਸ (.ਕੁਰਆਨ) ਨੂੰ ਸੁਣਨ ਤੋਂ ਵੀ ਦੂਰ ਰੱਖੇ ਗਏ ਹਨ।
ਸੋ ਤੁਸੀਂ (ਹੇ ਮੁਹੰਮਦ ਸ:!) ਅੱਲਾਹ ਦੇ ਨਾਲ ਕਿਸੇ ਹੋਰ ਇਸ਼ਟ ਨੂੰ ਨਾ ਪੁਕਾਰੋ ਨਹੀਂ ਤਾਂ ਤੁਸੀਂ ਵੀ ਸਜ਼ਾ ਭੋਗਣ ਵਾਲਿਆਂ ਵਿੱਚੋਂ ਹੋ ਜਾਓਗੇ।
ਤੁਸੀਂ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ।[2]
ਈਮਾਨ ਵਾਲਿਆਂ ਵਿੱਚੋਂ ਜਿਹੜੇ ਤੁਹਾਡੀ ਪੈਰਵੀ ਕਰਨ, ਉਹਨਾਂ ਨਾਲ ਅਤਿ ਨਿਮਰਤਾ ਦਾ ਵਿਹਾਰ ਕਰੋ।
ਜੇ ਉਹ ਤੁਹਾਡੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਵੀ ਐਲਾਨ ਕਰ ਦਿਓ ਕਿ ਮੈਂ ਤੁਹਾਡੇ ਉਹਨਾਂ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਤੋਂ, ਜਿਹੜੇ ਕੰਮ ਤੁਸੀਂ ਕਰ ਰਹੇ ਹੋ, ਆਜ਼ਾਦ ਹਾਂ।
(ਹੇ ਮੁਹੰਮਦ ਸ:!) ਤੁਸੀਂ ਆਪਣਾ ਭਰੋਸਾ ਉਸੇ ਜ਼ੋਰਾਵਰ ਮਿਹਰਬਾਨ ’ਤੇ ਰੱਖੋ।
ਜਿਹੜਾ ਤੁਹਾਨੂੰ ਵੇਖਦਾ ਹੈ ਜਦੋਂ ਤੁਸੀਂ (ਨਮਾਜ਼ ਲਈ) ਖੜੇ ਹੁੰਦੇ ਹੋ।
ਅਤੇ ਉਹ ਸਿਜਦਾ ਕਰਨ ਵਾਲਿਆਂ ਵਿਚਕਾਰ ਤੁਹਾਡਾ ਉਠਣਾ ਬੈਠਣਾ ਵੀ ਵੇਖਦਾ ਹੈ।
ਉਹ (ਅੱਲਾਹ) ਹਰ ਗੱਲ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
ਕੀ ਮੈਂ (ਅੱਲਾਹ) ਤੁਹਾਨੂੰ ਦੱਸਾਂ ਕਿ ਸ਼ੈਤਾਨ ਕਿਸ ’ਤੇ ਉਤਰਿਆ ਕਰਦੇ ਹਨ।
ਉਹ ਸ਼ੈਤਾਨ ਹਰੇਕ ਝੂਠ ਘੜਣ ਵਾਲੇ ਪਾਪੀ ’ਤੇ ਉਤਰਿਆ ਕਰਦੇ ਹਨ।
ਜਿਹੜੇ (ਸ਼ੈਤਾਨਾਂ ਵੱਲ) ਕੰਨ ਲਾਈਂ ਰੱਖਦੇ ਹਨ, ਉਹਨਾਂ ਵਿੱਚੋਂ ਬਹੁਤੇ ਝੂਠੇ ਹੁੰਦੇ ਹਨ।
ਕਵੀਆਂ ਪਿੱਛੇ ਤਾਂ ਕੁਰਾਹੀਏ ਹੀ ਲੱਗਦੇ ਹਨ।
ਕੀ ਤੁਸੀਂ ਨਹੀਂ ਵੇਖਿਆ ਕਿ ਉਹ (ਕਵੀ) ਹਰੇਕ ਖ਼ਿਆਲੀ ਘਾਟੀ ਵਿਚ ਟੱਕਰਾਂ ਮਾਰਦੇ ਫਿਰਦੇ ਹਨ?
ਅਤੇ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਜੋ ਉਹ ਆਪ ਨਹੀਂ ਕਰਦੇ।
ਛੁੱਟ ਉਹਨਾਂ (ਕਵੀਆਂ) ਤੋਂ ਜਿਹੜੇ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਅੱਲਾਹ ਨੂੰ ਵੀ ਵੱਧ ਤੋਂ ਵੱਧ ਯਾਦ ਕੀਤਾ ਅਤੇ ਜਦੋਂ ਉਹਨਾਂ ’ਤੇ ਜ਼ੁਲਮ ਹੋਇਆ ਤਾਂ ਉਹਨਾਂ ਨੇ ਉਸ ਦਾ ਬਦਲਾ (ਕਲਮ ਤੇ ਹਥਿਆਰ) ਰਾਹੀਂ ਲਿਆ। ਜ਼ਾਲਮ ਛੇਤੀ ਹੀ ਜਾਣ ਲੈਣਗੇ ਕਿ ਕਿਸ (ਦੁਖਦਾਈ) ਪਰਤਣ ਵਾਲੀ ਥਾਂ ਉਹ ਪਰਤਣਗੇ।

