عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The Believers [Al-Mumenoon] - Punjabi translation - Arif Halim

Surah The Believers [Al-Mumenoon] Ayah 118 Location Maccah Number 23

ਬੇਸ਼ੱਕ ਉਹ ਈਮਾਨ ਵਾਲੇ (ਆਖ਼ਿਰਤ ਵਿਚ) ਜ਼ਰੂਰ ਕਾਮਯਾਬ ਹੋਣਗੇ।

ਜਿਹੜੇ ਆਪਣੀਆਂ ਨਮਾਜ਼ਾਂ ਵਿਚ ਆਜਜ਼ੀ (ਨਿਮਰਤਾ) ਧਾਰਨ ਕਰਦੇ ਹਨ।

ਜਿਹੜੇ ਵਿਅਰਥ ਗੱਲਾਂ ਤੋਂ ਦੂਰ ਰਹਿੰਦੇ ਹਨ।

ਜਿਹੜੇ ਜ਼ਕਾਤ ਅਦਾ ਕਰਦੇ ਹਨ।

ਜਿਹੜੇ ਆਪਣੇ ਗੁਪਤ ਅੰਗਾਂ ਦੀ ਰਾਖੀ ਕਰਦੇ ਹਨ।

ਛੁੱਟ ਆਪਣੀਆਂ ਪਤਨੀਆਂ ਤੋਂ ਜਾਂ ਉਹਨਾਂ ਇਸਤਰੀਆਂ ਤੋਂ ਜਿਨ੍ਹਾਂ ਦੇ ਉਹ ਮਾਲਿਕ ਹਨ, ਫੇਰ ਉਹਨਾਂ ਦੇ ਜ਼ਿੰਮੇ ਕੋਈ ਗੁਨਾਹ ਨਹੀਂ।

ਜਿਹੜਾ ਵਿਅਕਤੀ ਇਸ ਤੋਂ ਛੁੱਟ ਕਿਸੇ ਹੋਰ ਢੰਗ (ਨਾਲ ਆਪਣੀ ਕਾਮਵਾਸਨਾ ਪੂਰੀ ਕਰਨ) ਦੀ ਇੱਛਾ ਰੱਖਦਾ ਹੈ ਅਜਿਹੇ ਲੋਕ ਹੀ ਹੱਦੋਂ ਟੱਪਣ ਵਾਲੇ ਹਨ।

ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੇ ਵਚਨਾਂ ਦੀ ਰਾਖੀ ਕਰਦੇ ਹਨ।

ਜਿਹੜੇ ਆਪਣੀਆਂ ਨਮਾਜ਼ਾਂ ਦੀ ਦੇਖ ਭਾਲ ਕਰਦੇ ਹਨ।

ਇਹ (ਸਿਫ਼ਤਾਂ ਰੱਖਣ ਵਾਲੇ ਹੀ ਜੰਨਤ ਦੇ) ਵਾਰਸ ਹੋਣਗੇ।

ਉਹ ਉਸ ਜੰਨਤੇ-ਫਿਰਦੌਸ ਦੇ ਵਾਰਸ ਹੋਣਗੇ ਜਿੱਥੇ ਉਹ ਸਦਾ ਰਹਿਣਗੇ।

ਅਸਾਂ ਮਨੁੱਖ ਨੂੰ ਮਿੱਟੀ ਦੇ ਸਤ ਤੋਂ ਪੈਦਾ ਕੀਤਾ।

ਫੇਰ ਅਸੀਂ ਉਸ ਨੂੰ ਇਕ ਸੁਰੱਖਿਅਤ ਥਾਂ (ਮਾਂ ਦੇ ਗਰਭ ਵਿਚ) ਵੀਰਜ ਬਣਾ ਕੇ ਰੱਖ ਦਿੱਤਾ।

ਫੇਰ ਅਸੀਂ ਉਸੇ ਵੀਰਜ ਨੂੰ ਜੰਮਿਆ ਹੋਇਆ ਖ਼ੂਨ (ਬੁੱਥ) ਬਣਾਇਆ ਫੇਰ ਜੱਮੇ ਹੋਏ ਖ਼ੂਨ ਨੂੰ ਲੋਥੜਾ ਬਣਾਇਆ, ਫੇਰ ਇਸ ਲੋਥੜੇ ਤੋਂ ਹੱਡੀਆਂ ਬਣਾਈਆਂ, ਫੇਰ ਹੱਡੀਆਂ ’ਤੇ ਮਾਸ ਚੜ੍ਹਾਇਆ ਫੇਰ ਉਸ ਵਿਚ (ਰੂਹ ਫੂਂਕ ਕੇ) ਇਕ ਹੋਰ ਹੀ ਰੂਪ ਬਣਾ ਦਿੱਤਾ। ਉਹ ਅੱਲਾਹ ਵਡੀਆਂ ਬਰਕਤਾਂ ਵਾਲਾ ਹੈ ਜਿਹੜਾ ਸਭ ਤੋਂ ਵਧੀਆ ਰਚਨਾਹਾਰ ਹੈ।[1]

ਫੇਰ ਇਸ (ਪੈਦਾ ਹੋਣ) ਤੋਂ ਪਿੱਛੋਂ ਤੁਸੀਂ (ਸਾਰੇ ਇਕ ਦਿਨ) ਜ਼ਰੂਰ ਹੀ ਮਰ ਜਾਣ ਵਾਲੇ ਹੋ।

ਫੇਰ ਤੁਸੀਂ ਸਾਰੇ (ਮਰੇ ਹੋਏ) ਲੋਕ ਕਿਆਮਤ ਵਾਲੇ ਦਿਨ ਮੁੜ ਉਠਾਏ ਜਾਓਗੇ।

ਅਸੀਂ ਤੁਹਾਡੇ ਉੱਤੇ ਸਤ ਅਕਾਸ਼ ਬਣਾਏ। ਅਸੀਂ ਆਪਣੀ ਬਣਾਈਆਂ ਹੋਈਆਂ ਵਸਤੂਆਂ ਤੋਂ ਕੁੱਝ ਵੀ ਬੇਖ਼ਬਰ ਨਹੀਂ।

ਅਸੀਂ ਇਕ ਵਿਸ਼ੇਸ਼ ਮਾਤਰਾ ਵਿਚ ਅਕਾਸ਼ੋਂ ਪਾਣੀ ਉਤਾਰਿਆ, ਫੇਰ ਉਸ (ਪਾਣੀ) ਨੂੰ ਧਰਤੀ ਵਿਚ ਰੋਕ ਛੱਡਿਆ। ਅਤੇ ਅਸੀਂ ਇਸ ਨੂੰ ਅਲੋਪ ਵੀ ਕਰ ਸਕਦੇ ਹਾਂ।

ਇਸੇ ਪਾਣੀ ਰਾਹੀਂ ਅਸੀਂ ਤੁਹਾਡੇ ਲਈ ਖਜੂਰਾਂ ਅਤੇ ਅੰਗੂਰਾਂ ਦੇ ਬਾਗ਼ ਉਗਾਏ, ਉਹਨਾਂ ਵਿਚ ਤੁਹਾਡੇ ਲਈ ਬਹੁਤ ਸਾਰੇ ਸੁਆਦਲੇ ਫਲ ਹਨ, ਉਹਨਾਂ ਵਿੱਚੋਂ ਕੁੱਝ (ਫਲਾਂ ਨੂੰ) ਤੁਸੀਂ ਖਾਂਦੇ ਹੋ।

ਉਹ (ਜ਼ੈਤੂਨ ਦਾ) ਰੁੱਖ ਜਿਹੜਾ ਸੀਨਾ ਦੇ ਪਹਾੜਾਂ ਵਿਚ ਪੈਦਾ ਹੁੰਦਾ ਹੈ, ਉਹ ਖਾਣ ਵਾਲਿਆਂ ਲਈ ਤੇਲ ਤੇ ਸਾਲਣ ਲੈਕੇ ਉਗਦਾ ਹੈ।

ਬੇਸ਼ੱਕ ਤੁਹਾਡੇ ਲਈ ਪਸ਼ੂਆਂ ਵਿਚ ਵੀ ਇਕ ਸਿੱਖਿਆ ਹੈ। ਜੋ ਉਹਨਾਂ ਦੇ ਢਿੱਡਾਂ ਵਿਚ ਹੈ ਅਸੀਂ ਤੁਹਾਨੂੰ ਉਹ ਦੁੱਧ ਪਿਆਉਂਦੇ ਹਾਂ। ਉਹਨਾਂ ਪਸ਼ੂਆਂ ਵਿਚ ਤੁਹਾਡੇ ਲਈ ਅਨੇਕਾਂ ਹੀ ਲਾਭ ਹਨ, ਉਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਖਾਂਦੇ ਵੀ ਹੋ।

ਉਹਨਾਂ (ਪਸ਼ੂਆਂ) ਉੱਤੇ ਅਤੇ ਬੇੜੀਆਂ ਉੱਤੇ ਤੁਸੀਂ ਲੋਕ ਸਵਾਰ ਵੀ ਹੁੰਦੇ ਹੋ।

ਬੇਸ਼ੱਕ ਅਸੀਂ ਨੂਹ ਨੂੰ ਉਸੇ ਦੀ ਕੌਮ ਵੱਲ (ਰਸੂਲ ਬਣਾ ਕੇ) ਭੇਜਿਆ। ਉਹਨਾਂ ਨੇ ਕਿਹਾ ਕਿ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ, ਇਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?

ਉਸ ਦੀ ਕੌਮ ਦੇ ਸਰਦਾਰ, ਜਿਨ੍ਹਾਂ ਨੇ ਕੁਫ਼ਰ ਕੀਤਾ ਸੀ, (ਕੌਮ ਨੂੰ) ਆਖਣ ਲੱਗੇ ਕਿ ਇਹ (ਨੂਹ) ਤਾਂ ਤੁਹਾਡੇ ਜਿਹਾ ਹੀ ਇਕ ਵਿਅਕਤੀ ਹੈ, ਇਹ ਤਾਂ ਤੁਹਾਡੇ ਉੱਤੇ ਸਰਦਾਰੀ ਕਰਨਾ ਚਾਹੁੰਦਾ ਹੈ। ਜੇ ਅੱਲਾਹ ਚਾਹੁੰਦਾ ਤਾਂ ਕਿਸੇ ਫ਼ਰਿਸ਼ਤੇ ਨੂੰ (ਨਬੀ ਬਣਾ ਕੇ) ਭੇਜਦਾ। ਅਸੀਂ ਤਾਂ ਅਜਿਹੀ (ਤੌਹੀਦ ਦੀ) ਗੱਲ ਆਪਣੇ ਪਿਓ ਦਾਦੇ ਦੇ ਸਮੇਂ ਤੋਂ ਕਦੇ ਸੁਣੀ ਹੀ ਨਹੀਂ।

(ਅਤੇ ਆਖਿਆ) ਇਹ ਇਕ ਮਨੁੱਖ ਹੀ ਤਾਂ ਹੈ ਜਿਸ ਨੂੰ ਸੁਦਾ ਹੋ ਗਿਆ ਹੈ, ਤੁਸੀਂ ਕੁੱਝ ਸਮੇਂ ਲਈ ਉਡੀਕ ਕਰ ਲਓ (ਹੋ ਸਕਦਾ ਹੈ ਕਿ ਠੀਕ ਹੋ ਜਾਵੇ)।

ਨੂਹ ਨੇ ਕਿਹਾ ਕਿ ਹੇ ਰੱਬਾ! ਤੂੰ ਮੇਰੀ ਸਹਾਇਤਾ ਕਰ, ਉਹਨਾਂ ਨੇ ਮੈਨੂੰ ਝੁਠਲਾਇਆ ਹੈ।

ਅਸੀਂ ਉਸ (ਨੂਹ) ਵੱਲ ਇਕ ਵਹੀ (ਪੈਗ਼ਾਮ) ਭੇਜੀ ਕਿ ਤੂੰ ਸਾਡੀ ਦੇਖ ਰੇਖ ਵਿਚ ਸਾਡੀ ਵਹੀ (ਆਦੇਸ਼) ਅਨੁਸਾਰ ਇਕ ਬੇੜੀ ਤਿਆਰ ਕਰ। ਜਦੋਂ ਸਾਡਾ ਹੁਕਮ ਆ ਜਾਵੇ ਅਤੇ ਤੰਦੂਰ ਉੱਬਲ ਪਵੇ (ਭਾਵ ਧਰਤੀ ਵਿਚ ਪਾਣੀ ਹੜ ਵਾਂਗ ਨਿਕਲ ਆਵੇ) ਤਾਂ ਤੂੰ ਹਰੇਕ ਭਾਂਤ ਦੇ ਜਾਨਵਰਾਂ ਦਾ ਇਕ-ਇਕ (ਨਰ-ਮਦੀਨ ਦਾ) ਜੋੜਾ ਅਤੇ ਆਪਣੇ ਪਰਿਵਾਰ ਨੂੰ ਇਸ ਬੇੜੀ ਵਿਚ ਸਵਾਰ ਕਰ ਲੈ। ਪਰੰਤੂ ਉਸ ਨੂੰ ਸਵਾਰ ਨਹੀਂ ਕਰਨਾ, ਜਿਸ ਦੇ ਸੰਬੰਧ ਵਿਚ ਅਸੀਂ ਪਹਿਲਾਂ ਹੀ ਫ਼ੈਸਲਾ ਦੇ ਚੁੱਕੇ ਹਾਂ (ਭਾਵ ਨੂਹ ਦੀ ਪਤਨੀ ਜਿਹੜੀ ਕਾਫ਼ਿਰਾਂ ਦਾ ਸਾਥ ਦੇ ਰਹੀ ਸੀ)। ਜਿਨ੍ਹਾਂ ਨੇ ਜ਼ੁਲਮ ਕੀਤਾ ਹੈ, ਉਹਨਾਂ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ। ਉਹ ਤਾਂ ਸਾਰੇ ਹੀ ਡੋਬ ਦਿੱਤੇ ਜਾਣਗੇ।

(ਅਤੇ ਆਖਿਆ) ਜਦੋਂ ਤੂੰ (ਨੂਹ) ਅਤੇ ਤੇਰੇ ਸਾਥੀ ਬੇੜੀ ਉੱਤੇ ਸਵਾਰ ਹੋ ਜਾਣ ਤਾਂ ਕਹਿਣਾ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹੀ ਹਨ ਜਿਸ ਨੇ ਸਾਨੂੰ ਜ਼ਾਲਮਾਂ ਤੋਂ ਮੁਕਤ ਕਰਵਾਇਆ।

ਅਤੇ ਕਹਿਣਾ ਕਿ ਹੇ ਮੇਰੇ ਮਾਲਿਕ! ਮੈਨੂੰ ਬਰਕਤਾਂ ਵਾਲੀ ਥਾਂ ਉਤਾਰ ਅਤੇ ਤੂੰਹੀਓ ਸਭ ਤੋਂ ਵਧੀਆ (ਥਾਂ) ਉਤਾਰਨ ਵਾਲਾ ਹੈ।

ਇਸ ਕਿੱਸੇ ਵਿਚ ਵੱਡੀਆਂ ਨਿਸ਼ਾਨੀਆਂ ਹਨ। ਬੇਸ਼ੱਕ ਅਸੀਂ ਹੀ (ਲੋਕਾਂ ਦੀ) ਪਰੀਖਿਆ ਲੈਣ ਵਾਲੇ ਹਾਂ।

ਫੇਰ ਅਸੀਂ ਉਹਨਾਂ (ਨੂਹ ਦੀ ਕੌਮ) ਮਗਰੋਂ ਇਕ ਹੋਰ ਉੱਮਤ (ਕੌਮ) ਨੂੰ ਪੈਦਾ ਕੀਤਾ।

ਅਸੀਂ ਉਹਨਾਂ ਵਿੱਚੋਂ ਹੀ ਉਹਨਾਂ ਵੱਲ ਇਕ ਰਸੂਲ ਘੱਲਿਆ (ਇਹ ਕਹਿਣ ਲਈ) ਕਿ ਤੁਸੀਂ ਸਾਰੇ ਅੱਲਾਹ ਦੀ ਹੀ ਇਬਾਦਤ ਕਰੋ, ਇਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਤੁਸੀਂ (ਰੱਬ ਦੇ ਅਜ਼ਾਬ ਤੋਂ) ਕਿਉਂ ਨਹੀਂ ਡਰਦੇ ?

ਕੌਮ ਦੇ ਉਹ ਸਰਦਾਰ, ਜਿਨ੍ਹਾਂ ਨੇ (ਰਸੂਲ) ਮੰਣਨ ਤੋਂ ਨਾ ਕਰ ਦਿੱਤੀ ਸੀ ਅਤੇ ਪਰਲੋਕ ਦੀ ਮੁਲਾਕਾਤ ਨੂੰ ਝੂਠ ਆਖਦੇ ਸੀ, ਉਹਨਾਂ ਨੂੰ ਅਸੀਂ ਸੰਸਾਰਿਕ ਜੀਵਨ ਦੀ ਖ਼ੁਸ਼ਹਾਲੀ ਵੀ ਦੇ ਛੱਡੀ ਸੀ, (ਕੌਮ ਨੂੰ ਆਖਣ ਲੱਗੇ) ਕਿ ਇਹ ਰਸੂਲ ਤਾਂ ਤੁਹਾਡੇ ਵਰਗਾ ਹੀ ਇਕ ਮਨੁੱਖ ਹੈ। ਜੋ ਤੁਸੀਂ ਖਾਂਦੇ ਹੋ ਉਹਨਾਂ ਚੀਜ਼ਾਂ ਨੂੰ ਇਹ ਵੀ ਖਾਂਦਾ ਹੈ ਅਤੇ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹੀਓ ਇਹ ਪੀਂਦਾ ਹੈ।

ਜੇ ਤੁਸੀਂ ਆਪਣੇ ਜਿਹੇ ਮਨੁੱਖ ਦੇ ਆਖੇ ਲੱਗ ਗਏ ਤਾਂ ਬੇਸ਼ੱਕ ਇਸ ਸਮੇਂ ਤੁਸੀਂ ਘਾਟੇ ਵਿਚ ਰਹੋਗੇ।

ਕੀ ਇਹ ਰਸੂਲ ਤੁਹਾਨੂੰ ਇਹ ਵਚਨ ਦਿੰਦਾ ਹੈ ਕਿ ਜਦੋਂ ਤੁਸੀਂ ਮਰ ਜਾਓਗੇ ਅਤੇ ਮਿੱਟੀ ਤੇ ਹੱਡੀਆਂ ਹੋ ਕੇ ਰਹਿ ਜਾਓਗੇ ਤਾਂ ਫੇਰ (ਕਬਰਾਂ ਵਿੱਚੋਂ ਕੱਢ ਕੇ) ਮੁੜ ਜੀਵਿਤ ਕੀਤੇ ਜਾਓਗੇ?

ਜਿਹੜਾ ਵਚਨ ਤੁਹਾਨੂੰ ਦਿੱਤਾ ਜਾ ਰਿਹਾ ਹੈ ਉਹ ਪੂਰਾ ਹੋਣਾ ਅਸੰਭਵ ਹੈ।

ਇਹੋ ਸਾਡਾ ਸੰਸਾਰਿਕ ਜੀਵਨ (ਹੀ ਤਾਂ ਸਭ ਕੁੱਝ) ਹੈ, ਜਿੱਥੇ ਅਸੀਂ ਮਰਦੇ ਤੇ ਜਿਊਂਦੇ ਰਹਿੰਦੇ ਹਾਂ ਅਤੇ ਸਾਨੂੰ ਮੁੜ ਉਠਾਇਆ ਨਹੀਂ ਜਾਵੇਗਾ।

ਉਹ ਇਕ ਮਨੁੱਖ ਹੀ ਤਾਂ ਹੈ ਜਿਸ ਨੇ (ਅੱਲਾਹ) ’ਤੇ ਝੂਠ ਜੜ ਦਿੱਤਾ ਹੈ, ਅਸੀਂ ਤਾਂ ਇਸ ਦੀਆਂ ਗੱਲਾਂ ਨੂੰ ਮੰਣਨ ਵਾਲੇ ਨਹੀਂ।

ਨਬੀ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਉਹਨਾਂ ਨੇ ਮੈਨੂੰ ਝੁਠਲਾਇਆ ਹੈ, ਸੋ ਹੁਣ ਤੂੰ ਮੇਰੀ ਮਦਦ ਕਰ।

ਅੱਲਾਹ ਨੇ ਫ਼ਰਮਾਇਆ ਕਿ ਇਹ (ਕਾਫ਼ਿਰ) ਛੇਤੀ ਹੀ (ਆਪਣੀਆਂ ਕਰਤੂਤਾਂ ਲਈ) ਪਛਤਾਉਣਗੇ।

ਅੰਤ ਬਣਦੇ ਹੱਕ ਅਨੁਸਾਰ ਇਕ ਤੇਜ਼ ਚੀਕ ਨੇ ਉਹਨਾਂ ਨੂੰ ਆ ਨੱਪਿਆ ਅਤੇ ਅਸੀਂ ਉਹਨਾਂ ਨੂੰ ਕੂੜਾ-ਕਚਰਾ ਬਣਾ ਕੇ ਸੁੱਟ ਦਿੱਤਾ। ਸੋ ਜ਼ਾਲਮਾਂ ਲਈ ਲਾਅਨਤ ਹੈ।

ਉਹਨਾਂ ਤੋਂ ਮਗਰੋਂ ਅਸੀਂ ਹੋਰ ਵੀ ਕਈ ਉੱਮਤਾਂ (ਕੌਮਾਂ) ਨੂੰ ਪੈਦਾ ਕੀਤਾ।

ਨਾ ਕੋਈ ਉੱਮਤ ਆਪਣੇ ਮਿਥੇ ਸਮੇਂ ਤੋਂ ਅੱਗੇ ਲੰਘ ਸਕਦੀ ਹੈ (ਭਾਵ ਜਿਊਂਦੀ ਰਹਿ ਸਕਦੀ ਹੈ) ਅਤੇ ਨਾ ਹੀ ਉਹ ਪਿੱਛੇ ਰਹਿ ਸਕਦੀ ਹੈ (ਭਾਵ ਮਰ ਸਕਦੀ ਹੈ)।

ਅਸੀਂ ਨਾਲੋ-ਨਾਲ ਰਸੂਲ ਭੇਜਦੇ ਰਹੇ ਹਾਂ, ਜਦ ਵੀ ਕਿਸੇ ਉੱਮਤ ਕੋਲ ਉਹਨਾਂ ਦਾ ਰਸੂਲ ਆਇਆ ਤਾਂ ਉਸ (ਉੱਮਤ) ਨੇ ਉਸ ਨੂੰ ਝੁਠਲਾਇਆ। ਅਸੀਂ ਇਕ ਤੋਂ ਬਾਅਦ ਦੂਜੀ ਉੱਮਤ ਨੂੰ ਹਲਾਕ ਕਰਦੇ ਗਏ ਅਤੇ ਉਹ (ਕੌਮਾਂ) ਕੇਵਲ ਕਹਾਣੀ ਬਣ ਕੇ ਰਹਿ ਗਈਆਂ। ਉਹਨਾਂ ਲੋਕਾਂ ਲਈ ਫਿਟਕਾਰ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।

ਅਸੀਂ ਮੂਸਾ ਅਤੇ ਉਸ ਦੇ ਭਰਾ ਹਾਰੂਨ ਨੂੰ ਆਪਣੀਆਂ ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ।

ਅਸਾਂ ਫ਼ਿਰਔਨ ਅਤੇ ਉਸ ਦੇ ਸਰਦਾਰਾਂ ਵੱਲ (ਮੂਸਾ ਤੇ ਹਾਰੂਨ ਨੂੰ) ਭੇਜਿਆ, ਪਰ ਉਹਨਾਂ ਨੇ ਹੰਕਾਰ ਕੀਤਾ, ਉਹ ਸਰਕਸ਼ (ਬਾਗ਼ੀ) ਲੋਕ ਸੀ।

ਉਹ (ਫ਼ਿਰਔਨ ਅਤੇ ਉਸ ਦੇ ਸਾਥੀ) ਕਹਿਣ ਲੱਗੇ ਕਿ ਕੀ ਅਸੀਂ ਆਪਣੇ ਹੀ ਵਰਗੇ ਦੋ ਵਿਅਕਤੀਆਂ ’ਤੇ ਈਮਾਨ ਲਿਆਈਏ? ਜਦੋਂ ਕਿ ਉਹਨਾਂ ਦੀ ਕੌਮ ਸਾਡੀ ਗ਼ੁਲਾਮ ਹੈ।

ਬਸ ਫੇਰ ਉਹਨਾਂ (ਫ਼ਿਰਔਨੀਆਂ) ਨੇ ਉਹਨਾਂ ਨੂੰ (ਰਸੂਲ) ਮੰਣਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਵੀ ਤਬਾਹ ਹੋਣ ਵਾਲਿਆਂ ਵਿੱਚੋਂ ਹੋ ਗਏ।

ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਵੀ ਦਿੱਤੀ ਸੀ, ਤਾਂ ਜੋ ਉਹ ਲੋਕ ਸਿੱਧੇ ਰਾਹ ਉੱਤੇ ਆ ਜਾਣ।

ਅਸੀਂ ਮਰੀਅਮ ਦੇ ਪੁੱਤਰ (ਈਸਾ) ਨੂੰ ਅਤੇ ਉਸ ਦੀ ਮਾਂ (ਮਰੀਅਮ) ਨੂੰ (ਕੁਦਰਤ ਦੀ) ਇਕ ਨਿਸ਼ਾਨੀ ਬਣਾਇਆ ਅਤੇ ਉਹਨਾਂ ਦੋਵਾਂ (ਮਾਂ ਅਤੇ ਪੁੱਤਰ) ਨੂੰ ਉੱਚੀ ਪਾਕ ਥਾਂ ’ਤੇ ਠਹਿਰਾਇਆ, ਜਿੱਥੇ ਚਸ਼ਮੇ ਵਗਦੇ ਸੀ।

ਅੱਲਾਹ ਨੇ ਫ਼ਰਮਾਇਆ ਕਿ ਹੇ ਪੈਗ਼ੰਬਰੋ! ਪਾਕ ਚੀਜ਼ਾਂ ਖਾਓ ਅਤੇ ਨੇਕ ਕੰਮ ਕਰੋ, ਤੁਸੀਂ ਜੋ ਵੀ ਕਰ ਰਹੇ ਹੋ ਮੈਂ ਉਸ ਤੋਂ ਭਲੀ-ਭਾਂਤ ਜਾਣੂ ਹਾਂ।

ਅਤੇ ਤੁਹਾਡੇ ਸਾਰੇ (ਰਸੂਲਾਂ) ਦੀ ਇਕ ਹੀ ਉੱਮਤ ਭਾਵ ਧਰਮ ਹੈ ਅਤੇ ਮੈਂ ਹੀ ਤੁਹਾਡੇ ਸਭ ਦਾ ਰੱਬ ਹਾਂ, ਸੋ ਮੈਂਥੋ ਹੀ ਡਰੋ।

ਕੁੱਝ ਸਮੇਂ ਬਾਅਦ ਉਹਨਾਂ ਨੇ ਆਪਣੇ ਦੀਨ ਨੂੰ ਆਪੋ ਵਿਚਾਲੇ ਟੋਟੇ-ਟੋਟੇ ਕਰ ਛੱਡਿਆ। ਹਰ ਧੜ੍ਹਾ ਉਸ ਵਿਚ ਮਸਤ ਹੈ ਜਿਹੜਾ ਉਸ ਦੇ ਕੋਲ ਹੈ।[2]

ਬਸ (ਹੇ ਨਬੀ!) ਤੁਸੀਂ ਵੀ ਕੁੱਝ ਸਮੇਂ ਲਈ ਉਹਨਾਂ ਨੂੰ ਮਸਤੀ ਵਿਚ ਰਹਿਣ ਦਿਓ।

ਕੀ ਉਹ ਇਹ ਸਮਝਦੇ ਹਨ ਕਿ ਜਿਹੜਾ ਵੀ ਅਸੀਂ ਉਨ੍ਹਾਂ ਦੇ ਮਾਲ ਅਤੇ ਔਲਾਦ ਵਿਚ ਵਾਧਾ ਕਰ ਰਹੇ ਹਾਂ।

ਤਾਂ ਕੀ ਅਸੀਂ ਉਹਨਾਂ ਲਈ ਭਲਾਈਆਂ ਕਰਨ ਵਿਚ ਛੇਤੀ ਕਰ ਰਹੇ ਹਾਂ ? ਇੰਜ ਨਹੀਂ, ਸਗੋਂ ਇਹ ਲੋਕ (ਹਕੀਕਤ ਨੂੰ) ਸਮਝਦੇ ਹੀ ਨਹੀਂ।

ਜਿਹੜੇ ਲੋਕ ਆਪਣੇ ਰੱਬ ਦੇ ਗੁੱਸੇ ਤੋਂ ਡਰਦੇ ਹਨ।

ਅਤੇ ਜਿਹੜੇ ਆਪਣੇ ਰੱਬ ਦੀਆਂ ਆਇਤਾਂ (.ਕੁਰਆਨ) ਨੂੰ ਮੰਨਦੇ ਹਨ।

ਅਤੇ ਜਿਹੜੇ ਆਪਣੇ ਰੱਬ ਨਾਲ ਕਿਸੇ ਨੂੰ ਸ਼ਰੀਕ ਨਹੀਂ ਕਰਦੇ।

ਅਤੇ ਜਿਹੜੇ (ਰੱਬ ਦੀ ਰਾਹ ਵਿਚ) ਜੋ ਵੀ ਬਣਦਾ ਸਰਦਾ ਹੈ ਦਿੰਦੇ ਹਨ ਉਹਨਾਂ ਦੇ ਦਿਲ ਕੰਬਦੇ ਹਨ ਕਿ ਜਾਣਾ ਤਾਂ ਉਹਨਾਂ ਨੇ ਆਪਣੇ ਰੱਬ ਵੱਲ ਹੀ ਹੈ। [3]

ਇਹ ਉਹ ਹਨ ਜਿਹੜੇ ਨੇਕੀਆਂ ਕਰਨ ਵਿਚ ਛੇਤੀ ਕਰਦੇ ਅਤੇ ਭਲਾਈਆਂ ਵੱਲ ਇਕ ਦੂਜੇ ਤੋਂ ਅੱਗੇ ਜਾਣ ਵਾਲੇ ਹਨ।

ਅਸੀਂ ਕਿਸੇ ਵਿਅਕਤੀ ਨੂੰ ਉਸ ਦੀ ਹਿੱਮਤ ਤੋਂ ਵੱਧ (ਕਰਮ ਕਰਨ ਦੀ) ਤਕਲੀਫ਼ ਨਹੀਂ ਦਿੰਦੇ ਅਤੇ ਸਾਡੇ ਕੋਲ ਇਕ ਅਜਿਹੀ ਕਿਤਾਬ (ਕਰਮਪਤਰੀ) ਹੈ ਜੋ (ਹਰੇਕ ਦਾ ਹਾਲ) ਇੰਨ-ਬਿੰਨ ਦੱਸ ਦੇਵੇਗੀ। ਸੋ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਵੇਗਾ।

ਜਦ ਕਿ ਉਹਨਾਂ (ਕਾਫ਼ਿਰਾਂ) ਦੇ ਦਿਲ ਇਸ (.ਕੁਰਆਨ) ਤੋਂ ਬੇਪਰਵਾਹ ਹਨ ਅਤੇ (ਇਸ ਬੇਪਰਵਾਹੀ) ਤੋਂ ਛੁੱਟ ਹੋਰ ਵੀ ਵਧੇਰੇ (ਭੈੜੇ) ਕੰਮ ਹਨ ਜਿਨ੍ਹਾਂ ਨੂੰ ਉਹ ਕਰਨ ਵਾਲੇ ਹਨ।

ਇੱਥੋਂ ਤੀਕ ਕਿ ਜਦੋਂ ਅਸੀਂ ਉਹਨਾਂ ਦੇ ਖਾਂਦੇ ਪੀਂਦੇ ਲੋਕਾਂ ਨੂੰ ਅਜ਼ਾਬ ਵਿਚ ਫੜਾਂਗੇ ਫੇਰ ਉਹ ਉਸ ਸਮੇਂ ਰੋਣ ਪੀਟੱਣਗੇ।

(ਉਹਨਾਂ ਨੂੰ ਕਿਹਾ ਜਾਵੇਗਾ ਕਿ) ਅੱਜ ਹਾਏ ਦੁਹਾਈ ਨਾ ਕਰੋ, ਸਾਡੇ ਵੱਲੋਂ ਤੁਹਾਨੂੰ ਕੁੱਝ ਵੀ ਮਦਦ ਨਹੀਂ ਪਹੁੰਚੇਗੀ।

(ਕਿਹਾ ਜਾਵੇਗਾ ਕਿ) ਜਦੋਂ ਸਾਡੀਆਂ ਆਇਤਾਂ ਤੁਹਾਡੇ ਸਾਹਮਣੇ ਪੜ੍ਹੀਆਂ ਜਾਂਦੀਆਂ ਸਨ ਤਾਂ ਤੁਸੀਂ ਪਿਛਲੇ ਪੈਰੀਂ ਨੱਠ ਜਾਂਦੇ ਸੀ।

ਘਮੰਡ ਕਰਦੇ ਸੀ ਅਤੇ ਇਸ (.ਕੁਰਆਨ) ਨੂੰ ਕਿੱਸਾ ਕਹਾਣੀ ਕਹਿੰਦੇ ਹੋਏ ਬਕਵਾਸ ਕਰਦੇ ਸੀ।

ਕੀ ਉਹਨਾਂ (ਕਾਫ਼ਿਰਾਂ) ਨੇ ਕਦੇ ਇਸ (.ਕੁਰਆਨ) ’ਤੇ ਸੋਚ ਵਿਚਾਰ ਕੀਤਾ ਹੀ ਨਹੀਂ? ਜਾਂ ਉਹਨਾਂ ਕੋਲ ਉਹ ਚੀਜ਼ ਆ ਗਈ ਹੈ ਜਿਹੜੀ ਉਹਨਾਂ ਦੇ ਪਿਓ ਦਾਦਿਆਂ ਕੋਲ ਨਹੀਂ ਸੀ ਆਈ ?

ਜਾਂ ਉਹਨਾਂ ਨੇ ਆਪਣੇ ਪੈਗ਼ੰਬਰ (ਮੁਹੰਮਦ ਸ:) ਨੂੰ ਪਛਾਣਿਆ ਹੀ ਨਹੀਂ ਇਸ ਲਈ ਉਸ ਦੇ ਇਨਕਾਰੀ ਹੋ ਰਹੇ ਹਨ।

ਇਹ ਕਾਫ਼ਿਰ ਆਖਦੇ ਹਨ ਕਿ ਇਹ (ਮੁਹੰਮਦ) ਤਾਂ ਪਾਗਲ ਹੈ ਜਦ ਕਿ ਉਹ ਤਾਂ ਉਹਨਾਂ ਦੇ ਕੋਲ ਹੱਕ ਲੈ ਕੇ ਆਇਆ ਹੈ ਅਤੇ ਉਹਨਾਂ ਵਿੱਚੋਂ ਬਹੁਤੇ ਤਾਂ ਹੱਕ ਨੂੰ ਨਾ-ਪਸੰਦ ਕਰਦੇ ਹਾਂ।

ਜੇ ਹੱਕ (ਧਰਮ) ਹੀ ਉਹਨਾਂ ਦੀਆਂ ਇੱਛਾਵਾ ਦੇ ਅਧੀਨ ਹੋ ਜਾਵੇ ਤਾਂ ਧਰਤੀ, ਅਕਾਸ਼ ਅਤੇ ਉਹਨਾਂ ਵਿਚਾਲੇ ਦੀ ਹਰੇਕ ਚੀਜ਼ ਉਥਲ-ਪੁਥਲ ਹੋ ਜਾਵੇ। ਸੱਚ ਤਾਂ ਇਹ ਹੈ ਕਿ ਅਸੀਂ ਉਹਨਾਂ ਲਈ ਨਸੀਹਤ (ਭਾਵ .ਕੁਰਆਨ) ਲਿਆਏ ਹਾਂ, ਪਰ ਉਹ ਆਪਣੀ ਹੀ ਨਸੀਹਤ ਤੋਂ ਮੂੰਹ ਮੋੜਦੇ ਹਨ।

(ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਕੋਈ ਬਦਲਾ ਚਾਹੁੰਦੇ ਹੋ, ਬਦਲਾ ਤਾਂ ਤੁਹਾਡੇ ਰੱਬ ਵੱਲੋਂ ਹੀ ਵਧੀਆ ਮਿਲੇਗਾ ਅਤੇ ਉਹੀਓ ਸਭ ਤੋਂ ਵਧੀਆ ਰਾਜ਼ਿਕ (ਬਦਲਾ ਦੇਣ ਵਾਲਾ) ਹੈ।

(ਹੇ ਪੈਗ਼ੰਬਰ ਮੁਹੰਮਦ ਸ:!) ਤੁਸੀਂ ਤਾਂ ਉਹਨਾਂ ਸਿੱਧੀ ਰਾਹ ਵੱਲ ਬੁਲਾ ਰਹੇ ਹੋ।

ਪ੍ਰੰਤੂ ਜਿਹੜੇ ਲੋਕੀ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ ਉਹ ਸਿੱਧੀ ਰਾਹ ਤੋਂ ਮੂਹ ਮੋੜ ਲੈਂਦੇ ਹਨ।

ਜੇ ਅਸੀਂ ਉਹਨਾਂ (ਇਨਕਾਰੀਆਂ) ਉੱਤੇ ਮਿਹਰਾਂ ਕਰੀਏ ਅਤੇ ਉਹਨਾਂ ਦੀਆਂ ਤਕਲੀਫ਼ਾਂ ਦੂਰ ਕਰ ਦਈਏ ਫੇਰ ਵੀ ਉਹ ਆਪਣੀ ਸਰਕਸ਼ੀ ’ਤੇ ਅੜੇ ਰਹਿਣਗੇ ਅਤੇ ਭਟਕੇ ਫਿਰਨਗੇ।

ਜਦੋਂ ਅਸੀਂ ਉਹਨਾਂ ਨੂੰ ਅਜ਼ਾਬ ਦੇ ਘੇਰੇ ਵਿਚ ਫੜ੍ਹਿਆ ਸੀ ਫੇਰ ਵੀ ਇਹ ਲੋਕ ਆਪਣੇ ਪਾਲਣਹਾਰ ਅੱਗੇ ਨਹੀਂ ਝੁੱਕੇ ਅਤੇ ਨਾ ਹੀ ਨਿਮਰਤਾ ਧਾਰਨ ਕੀਤੀ।

ਇੱਥੋਂ ਤੀਕ ਕਿ ਜਦੋਂ ਅਸੀਂ ਉਹਨਾਂ ਲਈ ਕਰੜੇ ਅਜ਼ਾਬ ਦਾ ਬੂਹਾ ਖੋਲ ਦਿੱਤਾ ਤਾਂ ਉਸੇ ਸਮੇਂ ਉਹ ਨਿਰਾਸ਼ ਹੋ ਗਏ।

ਉਹ ਅੱਲਾਹ ਹੀ ਹੈ ਜਿਸ ਨੇ ਤੁਹਾਨੂੰ ਕੰਨ, ਅੱਖਾਂ ਅਤੇ ਦਿਲ ਦੀਆਂ ਸ਼ਕਤੀਆਂ ਬਖ਼ਸ਼ੀਆਂ, ਪਰ ਤੁਸੀਂ ਲੋਕ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ।

ਅਤੇ ਉਸੇ ਨੇ ਤੁਹਾਨੂੰ ਧਰਤੀ ’ਤੇ ਫੈਲਾਇਆ ਹੈ ਅਤੇ ਉਸੇ ਵੱਲ ਤੁਸੀਂ ਸਾਰੇ ਇਕੱਠੇ ਕੀਤੇ ਜਾਵੋਗੇ।

ਅਤੇ ਇਹ (ਅੱਲਾਹ) ਉਹੀਓ ਹੈ ਜਿਹੜਾ ਜੀਵਨ ਦਿੰਦਾ ਹੈ ਅਤੇ ਮੌਤ ਦਿੰਦਾ ਹੈ ਅਤੇ ਰਾਤ ਤੇ ਦਿਨ ਦਾ ਉਲਟ ਫੇਰ ਉਸੇ ਨੇ ਹੀ ਪੈਦਾ ਕੀਤਾ ਹੈ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ?

ਸਗੋਂ ਉਹਨਾਂ ਲੋਕਾਂ ਨੇ ਵੀ ਉਹੀਓ ਗੱਲ ਆਖੀ ਜਿਹੜੀ ਉਹਨਾਂ ਤੋਂ ਪਹਿਲਾਂ ਦੇ ਲੋਕਾਂ ਨੇ ਆਖੀਆਂ ਸਨ।

ਕਿ ਜਦੋਂ ਅਸੀਂ ਮਰ ਕੇ ਮਿੱਟੀ ਅਤੇ ਹੱਡੀ ਹੋ ਜਾਵਾਂਗੇ, ਕੀ ਫੇਰ ਵੀ ਸਾਨੂੰ (ਜਿਊਂਦਾ ਕਰਕੇ) ਉਠਾਇਆ ਜਾਵੇਗਾ ?

ਸਾਥੋਂ ਵੀ ਅਤੇ ਸਾਥੋਂ ਪਹਿਲਾਂ ਅਤੇ ਸਾਡੇ ਪਿਓ ਦਾਦਿਆਂ ਤੋਂ ਵੀ ਪਹਿਲਾਂ ਤੋਂ ਇਹੋ (ਮੁੜ ਜੀਵਿਤ ਹੋਣ ਦਾ) ਵਾਅਦਾ ਹੁੰਦਾ ਆ ਰਿਹਾ ਹੈ, ਇਹ ਕੁੱਝ ਵੀ ਨਹੀਂ, ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ।

(ਹੇ ਨਬੀ!) ਤੁਸੀਂ ਉਹਨਾਂ ਤੋਂ ਪੁੱਛੋ ਕਿ ਧਰਤੀ ਅਤੇ ਇਸ ਦੀਆਂ ਕੁੱਲ ਚੀਜ਼ਾਂ ਕਿਸ ਦੀਆਂ ਹਨ? ਜੇ ਤੁਸੀਂ ਜਾਣਦੇ ਹੋ ਤਾਂ ਦੱਸੋ?

ਇਹ ਆਖਣਗੇ ਕਿ ਇਹ ਸਭ ਅੱਲਾਹ ਦੀ ਹੀ (ਮਲਕੀਅਤ) ਹੈ। ਤੁਸੀਂ ਆਖੋ ਕਿ ਫੇਰ ਤੁਸੀਂ ਨਸੀਹਤ ਗ੍ਰਹਿਣ ਕਿਉਂ ਨਹੀਂ ਕਰਦੇ ?

ਤੁਸੀਂ ਉਹਨਾਂ (ਇਨਕਾਰੀਆਂ) ਤੋਂ ਇਹ ਵੀ ਪੁੱਛੋ ਕਿ ਸੱਤੋ ਅਕਾਸ਼ਾਂ ਦਾ ਅਤੇ ਵੱਡੇ ਅਰਸ਼ਾ ਦਾ ਮਾਲਿਕ ਕੌਣ ਹੈ ?

ਉਹ ਜਵਾਬ ਵਿਚ ਆਖਣਗੇ ਕਿ ਅੱਲਾਹ ਹੀ (ਮਾਲਿਕ) ਹੈ। ਪੁੱਛੋ ਕਿ ਫੇਰ ਤੁਸੀਂ (ਉਸ ਤੋਂ) ਡਰਦੇ ਕਿਉਂ ਨਹੀਂ।

(ਹੇ ਮੁਹੰਮਦ!) ਉਹਨਾਂ ਨੂੰ ਪੁੱਛੋ ਕਿ ਉਹਨਾਂ ਸਾਰੀਆਂ ਚੀਜ਼ਾਂ ਦੀ ਪਾਤਸ਼ਾਹੀ ਕਿਸ ਦੇ ਹੱਥ ਵਿਚ ਹੈ ਜਿਹੜਾ ਸ਼ਰਨ ਵੀ ਦਿੰਦਾ ਹੈ ਅਤੇ ਜਿਸ ਵਰਗੀ ਸ਼ਰਨ ਕੋਈ ਹੋਰ ਦੇ ਵੀ ਨਹੀਂ ਸਕਦਾ। ਜੇ ਤੁਸੀਂ ਜਾਣਦੇ ਹੋ ਤਾਂ ਦੱਸੋ ?

ਇਹ ਸਭ ਇਹੋ ਆਖਣਗੇ ਕਿ (ਪਾਤਸ਼ਾਹੀ ਦਾ ਮਾਲਿਕ) ਅੱਲਾਹ ਹੀ ਹੈ। ਉਹਨਾਂ ਨੂੰ ਪੁੱਛੋ ਫੇਰ ਤੁਸੀਂ ਕਿਸ ਪਾਸੇ ਤੋਂ ਧੋਖਾ ਖਾ ਰਹੇ ਹੋ ?

ਅਸੀਂ ਉਹਨਾਂ ਕੋਲ ਹੱਕ ਲਿਆਏ ਹਾਂ ਅਸਲ ਵਿਚ ਇਹੋ ਝੂਠੇ ਹਨ।

ਅੱਲਾਹ ਨੇ ਕਿਸੇ ਨੂੰ ਆਪਣੀ ਔਲਾਦ ਨਹੀਂ ਬਣਾਇਆ ਤੇ ਨਾ ਹੀ ਉਸ ਵਰਗਾ ਕੋਈ ਹੋਰ ਇਸ਼ਟ ਹੈ, ਜੇ ਕੋਈ ਹੁੰਦਾ ਤਾਂ ਹਰ ਇਸ਼ਟ ਆਪਣੀ ਸਾਜੀ ਹੋਈ ਚੀਜ਼ ਨੂੰ ਲੈ ਜਾਂਦਾ ਅਤੇ (ਇਸ ਦੇ ਲਈ) ਹਰੇਕ ਦੂਜੇ ’ਤੇ ਚੜ੍ਹਾਈ ਕਰ ਦਿੰਦਾ। ਅੱਲਾਹ ਉਹਨਾਂ ਗੱਲਾਂ ਤੋਂ ਪਾਕ ਹੈ ਜੋ ਉਹ ਬਿਆਨ ਕਰਦੇ ਹਨ।

ਉਹ ਗ਼ੈਬ (ਪਰੋਖ) ਤੇ ਹਾਜ਼ਰ (ਮੋਜੂਦ) ਦਾ ਜਾਣਨ ਵਾਲਾ ਹੈ, ਉਹ ਉਹਨਾਂ ਨਾਲੋਂ ਬਹੁਤ ਉੱਚੇਰਾ ਹੈ ਜਿਨ੍ਹਾਂ ਨੂੰ ਇਹ ਉਸਦੀ ਬਰਾਬਰੀ ਦਿੰਦੇ ਹਨ।

(ਹੇ ਨਬੀ!) ਆਖੋ ਕਿ ਹੇ ਮੇਰਾ ਰੱਬਾ! ਜੇ ਤੂੰ ਮੇਰੇ ਹੁੰਦੇ ਉਹ (ਅਜ਼ਾਬ) ਵਿਖਾਵੇਂ ਜਿਸ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆ ਹੈ।

ਤਾਂ ਹੇ ਮੇਰਿਆ ਰੱਬਾ! ਤੂੰ ਮੈਨੂੰ ਉਹਨਾਂ ਜ਼ਾਲਮਾਂ ਵਿਚ ਨਾ ਰਲਾਈਂ।

(ਹੇ ਨਬੀ!) ਨਿਰਸੰਦੇਹ, ਉਹਨਾਂ ਨਾਲ ਅਸੀਂ ਜਿਹੜੇ ਵਾਅਦਾ ਕਰਦੇ ਹਾਂ ਤਾਂ ਅਸਾਂ ਇਸ ਗੱਲ ਦੀ ਵੀ ਕੁਰਦਰਤ ਰਖਦੇ ਹਾਂ ਕਿ ਉਸ ਨੂੰ ਤੁਹਾਨੂੰ ਕਰ ਵਿਖਾਈਏ।

(ਹੇ ਨਬੀ!) ਬੁਰਾਈ ਨੂੰ ਸਭ ਤੋਂ ਵਧੀਆ ਢੰਗ ਨਾਲ ਦੂਰ ਕਰੋ। ਜੋ ਕੁੱਝ ਵੀ ਇਹ ਬਿਆਨ ਕਰ ਰਹੇ ਹਨ, ਅਸੀਂ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ।

ਸੋ ਤੁਸੀਂ (ਹੇ ਨਬੀ!) ਦੁਆ ਕਰੋ ਕਿ ਹੇ ਮੇਰੇ ਰੱਬਾ! ਮੈਂ ਸ਼ੈਤਾਨਾਂ ਦੀਆਂ ਉਕਸਾਹਟਾਂ ਤੋਂ ਬਚਣ ਲਈ ਤੇਰੀ ਸ਼ਰਨ ਭਾਲਦਾ ਹਾਂ।

ਅਤੇ ਹੇ ਮੇਰੇ ਰੱਬਾ! ਮੈਂ ਇਸ ਗੱਲ ਤੋਂ ਵੀ ਤੇਰੀ ਸ਼ਰਨ ਚਾਹੁੰਦਾ ਹਾਂ ਕਿ ਉਹ (ਸ਼ੈਤਾਨ) ਮੇਰੇ ਕੋਲ ਆਉਣ।

ਪ੍ਰੰਤੂ ਜਦੋਂ ਉਹਨਾਂ (ਕਾਫ਼ਿਰਾਂ) ਵਿੱਚੋਂ ਕਿਸੇ ਨੂੰ ਮੌਤ ਆਉਂਦੀ ਹੈ ਤਾਂ ਆਖਦਾ ਹੈ ਕਿ ਹੇ ਪਾਲਣਹਾਰ! ਮੈਨੂੰ ਵਾਪਸ (ਸੰਸਾਰ ਵਿਚ) ਭੇਜ ਦੇ।

ਤਾਂ ਜੋ ਮੈਂ ਆਪਣੀ ਛੱਡੀ ਹੋਈ ਦੁਨੀਆਂ ਵਿਚ ਨੇਕ ਤੇ ਭਲੇ ਕੰਮ ਕਰ ਲਵਾਂ। ਪਰ ਇੰਜ ਉੱਕਾ ਹੀ ਨਹੀਂ ਹੋਵੇਗਾ ਇਹ ਤਾਂ ਕੇਵਲ ਇਕ ਕਹਿਣ ਦੀ ਗੱਲ ਹੈ ਜੋ ਉਹ ਕਹਿ ਰਿਹਾ ਹੈ। ਉਹਨਾਂ (ਮਰਨ ਵਾਲਿਆਂ) ਦੇ ਪਿੱਛੇ ਇਕ ਪੜਦਾ ਹੈ ਜਿਹੜਾ ਮੁੜ ਜੀਵਿਤ ਕਰਨ ਵਾਲੇ ਦਿਨ (ਕਿਆਮਤ) ਤਕ ਰਹੇਗਾ।

ਜਦੋਂ ਬਿਗਲ ਬਜਾ ਦਿੱਤਾ ਜਾਵੇਗਾ ਫੇਰ ਨਾ ਤਾਂ ਕੋਈ ਰਿਸ਼ਤੇਦਾਰੀਆਂ ਹੀ ਰਹਿਣਗੀਆਂ ਅਤੇ ਨਾ ਹੀ ਇਕ ਦੂਜੇ ਦਾ (ਹਾਲ ਚਾਲ) ਪੁੱਛਿਆ ਜਾਵੇਗਾ।

ਜਿਨ੍ਹਾਂ ਦੇ ਕਰਮਾਂ ਦੇ ਤੋਲ ਭਾਰੀ ਹੋਣਗੇ ਉਹੀਓ ਸਫ਼ਲ ਹੋਣਗੇ।

ਅਤੇ ਜਿਨ੍ਹਾਂ ਦਾ ਤੋਲ ਹਲਕਾ ਹੋਵੇਗਾ ਇਹ ਉਹ ਹੋਣਗੇ ਜਿਨ੍ਹਾਂ ਨੇ ਆਪਣਾ ਨੁਕਸਾਨ ਆਪ ਹੀ ਕੀਤਾ ਹੋਵੇਗਾ ਅਤੇ ਉਹ ਸਦਾ ਲਈ ਨਰਕ ਵਿਚ ਜਾਣਗੇ।

ਉਹਨਾਂ ਦੇ ਚਿਹਰਿਆਂ ਨੂੰ ਅੱਗ ਸਾੜੇਗੀ ਅਤੇ ਉਹਨਾਂ ਦੀਆਂ ਸ਼ਕਲਾਂ ਭੈੜੀਆਂ ਹੋ ਜਾਣਗੀਆਂ।

ਉਹਨਾਂ ਨੂੰ ਪੂੱਛਿਆ ਜਾਵੇਗਾ, ਕੀ ਮੇਰੀਆਂ ਆਇਤਾਂ ਤੁਹਾਨੂੰ ਨਹੀਂ ਸੁਣਾਈਆਂ ਜਾਂਦੀਆਂ ਸੀ ? ਫੇਰ ਤੁਸੀਂ ਉਹਨਾਂ ਨੂੰ ਝੁਠਲਾ ਦਿਆ ਕਰਦੇ ਸੀ।

(ਇਨਕਾਰੀ) ਜਵਾਬ ਵਿਚ ਆਖਣਗੇ ਕਿ ਹੇ ਸਾਡੇ ਰੱਬਾ! ਸਾਡੀ ਮਾੜੀ ਕਿਸਮਤ ਸਾਡੇ ’ਤੇ ਭਾਰੂ ਹੋ ਗਈ ਸੀ, ਬੇਸ਼ੱਕ ਅਸੀਂ ਰਾਹੋਂ ਭਟਕ ਗਏ ਸੀ।

ਹੇ ਸਾਡੇ ਰੱਬਾ! ਸਾਨੂੰ ਇਸ ਥਾਂ (ਨਰਕ) ਤੋਂ ਬਾਹਰ ਕੱਢ (ਤੇ ਸੰਸਾਰ ਵਿਚ ਭੇਜ), ਜੇ ਅਸੀਂ ਫੇਰ ਵੀ (ਕੁਫ਼ਰ) ਕਰੀਏ ਫੇਰ ਅਸੀਂ ਜ਼ਾਲਮ ਹੋਵਾਂਗੇ।

ਅੱਲਾਹ ਫ਼ਰਮਾਏਗਾ ਕਿ ਹੁਣ ਇਸੇ (ਨਰਕ) ਵਿਚ ਪਏ ਰਹੋ ਅਤੇ ਮੇਰੇ ਨਾਲ ਕਲਾਮ ਨਾ ਕਰੋ।

ਮੇਰੇ (ਨੇਕ) ਬੰਦਿਆਂ ਦੀ ਇਕ ਜਮਾਅਤ ਸੀ, ਜਿਹੜੀ ਇਹੋ ਕਿਹਾ ਕਰਦੀ ਸੀ ਕਿ ਹੇ ਸਾਡੇ ਮਾਲਿਕ! ਅਸੀਂ ਈਮਾਨ ਲਿਆਏ ਹਾਂ, ਤੂੰ ਸਾਨੂੰ ਬਖ਼ਸ਼ ਦੇ ਅਤੇ ਸਾਡੇ ਉੱਤੇ ਰਹਿਮ ਫ਼ਰਮਾ। ਤੂੰ ਸਭ ਤੋਂ ਵੱਧ ਮਿਹਰਾਂ ਕਰਨ ਵਾਲਾ ਹੈ।

ਪਰ ਤੁਸੀਂ (ਕਾਫ਼ਿਰੋ) ਉਹਨਾਂ (ਈਮਾਨ ਵਾਲਿਆਂ) ਦਾ ਮਖੌਲ ਕਰਦੇ ਰਹੇ ਇੱਥੋਂ ਤੀਕ ਕਿ ਤੁਸੀਂ ਮੈਨੂੰ ਵੀ ਭੁਲਾ ਦਿੱਤਾ ਤੁਸੀਂ ਉਹਨਾਂ ਉੱਤੇ ਹਸਿਆ ਕਰਦੇ ਸੀ।

ਅੱਜ ਮੈਂਨੇ ਉਹਨਾਂ (ਮੋਮਿਨਾਂ) ਨੂੰ ਉਹਨਾਂ ਦੇ ਸਬਰ ਦਾ ਬਦਲਾ (ਜੰਨਤ) ਦੇ ਦਿੱਤਾ ਹੈ ਅਤੇ ਉਹ ਆਪਣੀ ਸਫ਼ਲਤਾ ਨੂੰ ਪਹੁੰਚਗੇ।

ਅੱਲਾਹ ਪੁੱਛੇਗਾ ਕਿ ਤੁਸੀਂ ਧਰਤੀ ’ਤੇ ਕਿੰਨੇ ਸਾਲ ਰਹੇ ਸੀ।

ਉਹ ਕਹਿਣਗੇ ਕਿ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ (ਧਰਤੀ) ਉੱਤੇ ਰਹੇ ਸੀ, ਗਿਣਤੀਕਾਰਾਂ ਕੋਲੋਂ ਪੁੱਛ ਲਵੋ।

ਅੱਲਾਹ ਫ਼ਰਮਾਏਗਾ, ਫੇਰ ਤਾਂ ਤੁਸੀਂ ਉੱਥੇ (ਧਰਤੀ ਉੱਤੇ) ਬਹੁਤ ਹੀ ਘੱਟ ਰਹੇ ਹੋ। ਕਾਸ਼! ਤੁਸੀਂ (ਇਹ ਗੱਲ ਸੰਸਾਰ ਵਿਚ ਹੀ) ਜਾਣ ਲੈਂਦੇ।

ਕੀ ਤੁਸੀਂ ਇਸ ਖ਼ਿਆਲ ਵਿਚ ਸੀ ਕਿ ਅਸੀਂ ਤੁਹਾਨੂੰ ਐਵੇਂ ਬੇਕਾਰ ਹੀ ਪੈਦਾ ਕੀਤਾ ਹੈ ਅਤੇ ਇਹ ਵੀ ਕਿ ਤੁਸੀਂ ਸਾਡੇ ਵੱਲ ਪਰਤੇ ਨਹੀਂ ਜਾਓਗੇ ?

ਜਦ ਕਿ ਅੱਲਾਹ ਦੀ ਪਾਤਸ਼ਾਹੀ ਹੱਕ ਹੈ ਅਤੇ ਉਹ ਸਭ ਤੋਂ ਉੱਚਾ ਹੈ, ਇਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਹੀਓ ਉੱਚੇ ਅਰਸ਼ਾਂ ਦਾ ਮਾਲਿਕ ਹੈ।

ਜਿਹੜਾ ਵੀ ਕੋਈ ਅੱਲਾਹ ਦੇ ਨਾਲ-ਨਾਲ ਕਿਸੇ ਦੂਜੇ ਇਸ਼ਟ ਨੂੰ (ਮਦਦ ਲਈ) ਪੁਕਾਰਦਾ ਹੈ, ਜਿਸ ਲਈ ਉਸ ਦੇ ਕੋਲ ਦਲੀਲ ਵੀ ਨਹੀਂ, ਉਸ ਦੀ ਪੁੱਛ-ਗਿੱਛ ਕਰਨਾ ਰੱਬ ਦੇ ਜ਼ਿੰਮੇ ਹੈ। ਬੇਸ਼ੱਕ ਕਾਫ਼ਿਰ ਲੋਕ ਕਦੇ ਵੀ ਸਫ਼ਲ ਨਹੀਂ ਹੋ ਸਕਦੇ।

ਹੇ ਨਬੀ! (ਦੁਆਵਾਂ ਕਰਦੇ ਹੋਏ) ਆਖੋ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਬਖ਼ਸ਼ ਦੇ ਅਤੇ (ਮੇਰੇ ਹਾਲ ਉੱਤੇ) ਰਹਿਮ ਕਰ, ਤੂੰ ਸਭ ਤੋਂ ਵੱਧ ਮਿਹਰਾਂ ਕਰਨ ਵਾਲਾ ਹੈ।